ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਰਾਸ਼ਟਰਪਤੀ ਚੁਣੇ ਗਏ ਸੁਲਤਾਨ ਮਹਿਮੂਦ
Tuesday, Aug 17, 2021 - 06:17 PM (IST)
ਇਸਲਾਮਾਬਾਦ (ਭਾਸ਼ਾ)— ਸੁਲਤਾਨ ਮਹਿਮੂਦ ਨੂੰ ਮੰਗਲਵਾਰ ਯਾਨੀ ਕਿ ਅੱਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦਾ ਰਾਸ਼ਟਰਪਤੀ ਚੁਣ ਲਿਆ ਗਿਆ। ਖੇਤਰ ਦੀ ਵਿਧਾਨ ਸਭਾ ਵਲੋਂ ਮਹਿਮੂਦ ਨੂੰ ਪੀ. ਓ. ਕੇ. ਦਾ ਰਾਸ਼ਟਰਪਤੀ ਚੁਣਿਆ ਗਿਆ। ਮਹਿਮੂਦ ਨੂੰ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦਾ ਸਮਰਥਨ ਪ੍ਰਾਪਤ ਸੀ, ਜਿਸ ਨੇ 25 ਜੁਲਾਈ ਨੂੰ ਹੋਈਆਂ ਚੋਣਾਂ ’ਚ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਨੇ ਆਪਣੇ ਮੁਕਾਬਲੇਬਾਜ਼ ਸਾਂਝੇ ਵਿਰੋਧੀ ਧਿਰ ਦੇ ਉਮੀਦਵਾਰ ਮੀਆਂ ਅਬਦੁੱਲ ਵਹੀਦ ਦੇ ਮੁਕਾਬਲੇ 34 ਵੋਟਾਂ ਹਾਸਲ ਹੋਈਆਂ। ਵਹੀਦੇ ਨੂੰ 16 ਵੋਟਾਂ ਮਿਲੀਆਂ।
ਮਹਿਮੂਦ ਸਰਦਾਰ ਮਸੂਦ ਖਾਨ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 24 ਅਗਸਤ ਨੂੰ ਖ਼ਤਮ ਹੋਵੇਗਾ। ਮਹਿਮੂਦ ਇਕ ਤਜਰਬੇਕਾਰ ਸਿਆਸਤਦਾਨ ਹਨ ਅਤੇ ਉਨ੍ਹਾਂ ਨੇ ਜੁਲਾਈ 1996-2001 ਵਿਚਾਲੇ ਪੀ. ਓ. ਕੇ. ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਕੰਮ ਕੀਤਾ ਹੈ। ਮਹਿਮੂਦ ਪੀ. ਟੀ. ਆਈ. ਦੇ ਖੇਤਰੀ ਪ੍ਰਧਾਨ ਹਨ ਅਤੇ ਐੱਲ.ਏ-3, ਮੀਰਪੁਰ-3 ਤੋਂ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ।
ਓਧਰ ਭਾਰਤ ਨੇ ਪੀ. ਓ. ਕੇ. ’ਚ ਹਾਲ ਹੀ ਹੋਈਆਂ ਚੋਣਾਂ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਸੀ ਕਿ ਦਿਖਾਵੇ ਦੀ ਇਹ ਕਵਾਇਦ ਕੁਝ ਹੋਰ ਨਹੀਂ ਸਗੋਂ ਪਾਕਿਸਤਾਨ ਵਲੋਂ ਆਪਣੇ ਨਾਜਾਇਜ਼ ਕਬਜ਼ੇ ਨੂੰ ਲੁਕਾਉਣ ਦੀ ਕੋਸ਼ਿਸ਼ ਹੈ ਅਤੇ ਉਸ ਨੇ ਇਸ ਮੁੱਦੇ ’ਤੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਪੀ. ਓ. ਕੇ. ਵਿਚ ਚੋਣਾਂ ’ਤੇ ਸਖ਼ਤ ਪ੍ਰਕਿਰਿਆ ਦਿੰਦੇ ਹੋਏ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਸੀ ਕਿ ਪਾਕਿਸਤਾਨ ਦਾ ਇਨ੍ਹਾਂ ਭਾਰਤੀ ਖੇਤਰਾਂ ’ਤੇ ਕੋਈ ਅਧਿਕਾਰ ਨਹੀਂ ਹੈ ਅਤੇ ਉਸ ਨੂੰ ਆਪਣੇ ਨਾਜਾਇਜ਼ ਕਬਜ਼ੇ ਵਾਲੇ ਸਾਰੇ ਭਾਰਤੀ ਖੇਤਰਾਂ ਨੂੰ ਖਾਲੀ ਕਰਨਾ ਚਾਹੀਦਾ ਹੈ।