'ਸੱਸ' ਸੁਧਾ ਮੂਰਤੀ ਨੂੰ ਪਦਮ ਭੂਸ਼ਣ ਮਿਲਣ 'ਤੇ ਖ਼ੁਸ਼ ਹੋਏ ਬ੍ਰਿਟਿਸ਼ PM ਸੁਨਕ, ਲਿਖਿਆ- 'ਮਾਣ ਦਾ ਦਿਨ'
Saturday, Apr 08, 2023 - 10:31 AM (IST)

ਲੰਡਨ (ਭਾਸ਼ਾ)- ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਨੇ ਲੇਖਿਕਾ ਅਤੇ ਸਮਾਜਕ ਕਰਕੁਨ ਸੁਧਾ ਮੂਰਤੀ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤੇ ਜਾਣ 'ਤੇ ਖ਼ੁਸ਼ੀ ਜਤਾਉਂਦੇ ਹੋਏ ਕਿਹਾ ਕਿ ਇਹ ਮਾਣ ਦੀ ਗੱਲ ਹੈ। ਸੁਧਾ ਮੂਰਤੀ (72) ਨੂੰ ਨਵੀਂ ਦਿੱਲੀ ਵਿਚ ਰਾਸ਼ਟਰਪਤੀ ਭਵਨ ਵਿਚ ਇਕ ਸਮਾਰੋਹ ਵਿਚ ਇਹ ਸਨਮਾਨ ਦਿੱਤਾ ਗਿਆ। ਇਸ ਪ੍ਰੋਗਰਾਮ ਵਿਚ ਅਕਸ਼ਤਾ ਵੀ ਮੌਜੂਦ ਸੀ। ਉਨ੍ਹਾਂ ਨੇ ਆਪਣੀ ਮਾਂ ਸੁਧਾ ਮੂਰਤੀ ਅਤੇ ਪਿਤਾ ਨਾਰਾਇਣ ਮੂਰਤੀ ਦੇ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਸੋਸ਼ਲ ਮੀਡੀਆ 'ਤੇ ਜ਼ਾਹਰ ਕੀਤਾ। ਅਕਸ਼ਤਾ ਦੇ ਪਤੀ ਅਤੇ ਬ੍ਰਿਟੇਨ ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਸੁਨਕ ਨੇ ਆਪਣੀ ਪਤਨੀ ਦੀ ਪੋਸਟ ਦੇ ਜਵਾਬ ਵਿਚ ਲਿਖਿਆ, 'ਮਾਣ ਦਾ ਦਿਨ।' ਨਾਰਾਇਣ ਮੂਰਤੀ ਇਨਫੋਸਿਸ ਦੇ ਸਹਿ-ਸੰਸਥਾਪਕ ਹਨ।
ਅਕਸ਼ਾ ਮੂਰਤੀ ਨੇ ਆਪਣੀ ਮਾਂ ਨੂੰ ਸਨਮਾਨਿਤ ਕੀਤੇ ਜਾਣ ਤੋਂ ਬਾਅਦ ਵੀਰਵਾਰ ਨੂੰ ਟਵੀਟ ਕੀਤਾ, "ਕੱਲ੍ਹ, ਮੈਂ ਆਪਣੀ ਮਾਂ ਨੂੰ ਭਾਰਤ ਦੇ ਰਾਸ਼ਟਰਪਤੀ ਤੋਂ ਪਦਮ ਭੂਸ਼ਣ ਪ੍ਰਾਪਤ ਕਰਦੇ ਹੋਏ ਮਾਣ ਨਾਲ ਦੇਖਿਆ।' ਉਨ੍ਹਾਂ ਅੱਗੇ ਲਿਖਿਆ, 'ਪਿਛਲੇ ਮਹੀਨੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ, ਮੈਂ ਆਪਣੀ ਮਾਂ ਦੇ ਆਸਾਧਾਰਨ ਸਫ਼ਰ 'ਤੇ ਵਿਚਾਰ ਕੀਤਾ, ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਤੋਂ ਲੈ ਕੇ ਕਹਾਣੀ ਸੁਣਾਉਣ ਤੱਕ, ਪਰ ਉਨ੍ਹਾਂ ਦੇ ਚੈਰੀਟੇਬਲ ਅਤੇ ਪਰਉਪਕਾਰੀ ਯਤਨਾਂ ਨੇ ਮੇਰੇ ਲਈ ਸਭ ਤੋਂ ਵੱਡੀ ਪ੍ਰੇਰਣਾ ਵਜੋਂ ਕੰਮ ਕੀਤਾ ਹੈ। ਮੇਰੀ ਮਾਂ ਕ੍ਰੈਡਿਟ ਲਈ ਨਹੀਂ ਜਿਊਂਦੀ ਹੈ। ਮੈਨੂੰ ਅਤੇ ਮੇਰੇ ਭਰਾ ਨੂੰ ਮਾਤਾ-ਪਿਤਾ ਤੋਂ ਸਖ਼ਤ ਮਿਹਨਤ, ਨਿਮਰਤਾ, ਨਿਰਸਵਾਰਥ ਵਰਗੇ ਗੁਣ ਮਿਲੇ ਹਨ... ਪਰ ਕੱਲ੍ਹ ਉਨ੍ਹਾਂ ਦੇ ਕੰਮ ਨੂੰ ਪਛਾਣ ਮਿਲੀ ਜਿਸ ਨੂੰ ਦੇਖਣਾ ਇੱਕ ਭਾਵਨਾਤਮਕ ਅਨੁਭਵ ਸੀ।" ਉਨ੍ਹਾਂ ਦੇ ਭਰਾ ਰੋਹਨ ਮੂਰਤੀ ਨੇ ਵੀ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਆਪਣੀ ਮਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ "ਸਕਾਰਾਤਮਕ ਸ਼ਕਤੀ" ਦੱਸਦੇ ਹੋਏ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।
ਇਹ ਵੀ ਪੜ੍ਹੋ: ਭਾਰਤੀਆਂ ਦਾ ਸੁਫ਼ਨਾ ਹੋਇਆ ਸੱਚ, ਨਿਓਸ ਏਅਰਲਾਈਨ ਨੇ ਇਟਲੀ ਤੋਂ ਅੰਮ੍ਰਿਤਸਰ ਲਈ ਸ਼ੁਰੂ ਕੀਤੀ ਸਿੱਧੀ ਉਡਾਣ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।