ਸੂਡਾਨ ''ਚ ਤਖ਼ਤਾ ਪਲਟ ਦੇ ਹਾਲਾਤ, ਫੌਜ ਤੇ ਨੀਮ ਫੌਜੀ ਬਲਾਂ ਵਿਚਾਲੇ ਝੜਪਾਂ, 25 ਤੋਂ ਵੱਧ ਮੌਤਾਂ
Monday, Apr 17, 2023 - 03:02 AM (IST)
ਇੰਟਰਨੈਸ਼ਨਲ ਡੈਸਕ : ਸੂਡਾਨ 'ਚ ਤਖ਼ਤਾ ਪਲਟ ਦੇ ਹਾਲਾਤ ਬਣ ਗਏ ਹਨ। ਇੱਥੇ ਫੌਜ ਅਤੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸ ਦਰਮਿਆਨ ਹਿੰਸਕ ਝੜਪਾਂ ਵਿੱਚ 25 ਤੋਂ ਵੱਧ ਲੋਕ ਮਾਰੇ ਗਏ ਹਨ, ਜਦਕਿ 183 ਲੋਕ ਜ਼ਖ਼ਮੀ ਹੋ ਗਏ ਹਨ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਇਸ ਦੇ ਨਾਲ ਹੀ ਆਰਐੱਸਐੱਫ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਰਾਸ਼ਟਰਪਤੀ ਭਵਨ ਸਮੇਤ ਰਾਜਧਾਨੀ ਖਾਰਟੂਮ ਦੇ ਕਈ ਹਿੱਸਿਆਂ 'ਤੇ ਕਬਜ਼ਾ ਕਰ ਲਿਆ ਹੈ, ਜਦਕਿ ਫੌਜ ਨੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ। ਦਰਅਸਲ, ਫੌਜੀ ਨੇਤਾ ਅਬਦੇਲ ਫਤਾਹ ਅਲ-ਬੁਰਹਾਨ ਅਤੇ ਉਸ ਦੇ ਨੰਬਰ ਦੋ ਨੀਮ ਫੌਜੀ ਕਮਾਂਡਰ ਮੁਹੰਮਦ ਹਮਦਾਨ ਡਾਗਲੋ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਿਹਾ ਸੱਤਾ ਸੰਘਰਸ਼ ਹਿੰਸਕ ਰੂਪ ਲੈ ਗਿਆ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਨਹੀਂ ਰੁਕ ਰਿਹਾ 'ਗੋਲ਼ੀਬਾਰੀ' ਦਾ ਸਿਲਸਿਲਾ, ਅਲਬਾਮਾ 'ਚ ਹੋਈ ਫਾਇਰਿੰਗ 'ਚ 4 ਲੋਕਾਂ ਦੀ ਮੌਤ
ਸੂਡਾਨੀ ਡਾਕਟਰਜ਼ ਯੂਨੀਅਨ ਨੇ ਕਿਹਾ ਕਿ ਫੌਜ ਅਤੇ ਰੈਪਿਡ ਸਪੋਰਟ ਫੋਰਸ (RSF) ਦਰਮਿਆਨ ਲੜਾਈ ਵਿੱਚ 183 ਲੋਕ ਜ਼ਖ਼ਮੀ ਹੋਏ ਹਨ। ਖਾਰਟੂਮ ਦੇ ਨਾਲ ਓਮਦੁਰਮਨ, ਨਿਆਲਾ, ਅਲ ਓਬੇਦ ਅਤੇ ਅਲ ਫਾਸ਼ਰ ਸ਼ਹਿਰਾਂ ਵਿੱਚ ਸਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹ ਸ਼ਹਿਰ ਰਾਜਧਾਨੀ ਖਾਰਟੂਮ ਦੇ ਪੱਛਮ ਵੱਲ ਹਨ। ਇਸ ਦੇ ਨਾਲ ਹੀ ਅਰਧ ਸੈਨਿਕ ਬਲ ਰੈਪਿਡ ਸਪੋਰਟ ਫੋਰਸ ਨੇ ਰਾਸ਼ਟਰਪਤੀ ਮਹਿਲ, ਸੈਨਾ ਮੁਖੀ ਦੀ ਰਿਹਾਇਸ਼, ਸਰਕਾਰੀ ਟੈਲੀਵਿਜ਼ਨ ਸਟੇਸ਼ਨ, ਰਾਜਧਾਨੀ ਖਾਰਟੂਮ, ਉੱਤਰੀ ਸ਼ਹਿਰ ਮੇਰੋਵੇ, ਅਲ ਫਾਸ਼ਰ ਅਤੇ ਪੱਛਮੀ ਦਾਰਫੁਰ ਦੇ ਹਵਾਈ ਅੱਡੇ ਨੂੰ ਆਪਣੇ ਕਬਜ਼ੇ ਵਿੱਚ ਲੈਣ ਦਾ ਦਾਅਵਾ ਕੀਤਾ ਹੈ। ਹਾਲਾਂਕਿ ਫੌਜ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਅਜਬ-ਗਜ਼ਬ : ਕੰਪਨੀ ਦੇ ਲੱਕੀ ਡਰਾਅ ’ਚ ਕਰਮਚਾਰੀ ਨੇ ਜਿੱਤੀਆਂ 365 ਦਿਨਾਂ ਦੀਆਂ ਛੁੱਟੀਆਂ
ਸੂਡਾਨ ਦੀ ਹਵਾਈ ਸੈਨਾ ਨੇ ਸ਼ਨੀਵਾਰ ਦੇਰ ਰਾਤ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ। ਨਾਲ ਹੀ ਖਾਰਟੂਮ 'ਚ ਸਕੂਲ, ਬੈਂਕ ਅਤੇ ਸਰਕਾਰੀ ਦਫ਼ਤਰ ਬੰਦ ਕਰ ਦਿੱਤੇ ਗਏ। ਰਾਜਧਾਨੀ 'ਚ ਗੋਲ਼ੀਬਾਰੀ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਗੂੰਜ ਰਹੀਆਂ ਹਨ। ਕਈ ਜ਼ਿਲ੍ਹਿਆਂ ਵਿੱਚ ਅੱਗਜ਼ਨੀ ਦੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ। ਇਸ ਦੌਰਾਨ ਸੂਡਾਨ ਵਿੱਚ ਭਾਰਤੀ ਮਿਸ਼ਨ ਵੱਲੋਂ ਉੱਥੇ ਰਹਿ ਰਹੇ ਭਾਰਤੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਸਾਰੇ ਲੋਕ ਆਪਣੇ ਘਰਾਂ ਵਿੱਚ ਹੀ ਰਹਿਣ। ਸਾਵਧਾਨੀ ਵਰਤਣ ਤੇ ਘਰਾਂ 'ਚੋਂ ਨਿਕਲਣਾ ਬੰਦ ਕਰ ਦੇਣ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।