ਜ਼ਵਾਹਿਰੀ ਦੀ ਮੌਤ ਦੇ 6 ਮਹੀਨੇ ਬਾਅਦ ਅਮਰੀਕਾ ਨੇ ਚੁੱਕਿਆ ਸਵਾਲ- ਅਲਕਾਇਦਾ ਦਾ ਨਵਾਂ ਮੁਖੀ ਕੌਣ?
Friday, Jan 13, 2023 - 03:11 PM (IST)
ਇੰਟਰਨੈਸ਼ਨਲ ਡੈਸਕ—ਅਮਰੀਕਾ ਨੇ ਪਿਛਲੇ ਸਾਲ 31 ਜੁਲਾਈ ਨੂੰ ਦਾਅਵਾ ਕੀਤਾ ਸੀ ਕਿ ਅਲ-ਕਾਇਦਾ ਮੁਖੀ ਅਯਮਾਨ ਅਲ-ਜ਼ਵਾਹਿਰੀ ਕਾਬੁਲ 'ਚ ਇਕ ਘਰ 'ਤੇ ਹੋਏ ਡਰੋਨ ਹਮਲੇ 'ਚ ਮਾਰਿਆ ਗਿਆ ਹੈ। ਪਰ ਉਸ ਦੀ ਮੌਤ ਦੇ 6 ਮਹੀਨੇ ਬੀਤਣ ਤੋਂ ਬਾਅਦ ਅਮਰੀਕਾ ਕਨਫਿਊਜ਼ ਹੈ ਕਿ ਅਯਮਾਨ ਅਲ-ਜ਼ਵਾਹਿਰੀ ਦਾ ਉੱਤਰਾਧਿਕਾਰੀ ਕੌਣ ਹੈ? ਅਮਰੀਕਾ ਦੇ ਖੁਫੀਆ ਅਧਿਕਾਰੀ ਦੇ ਅਨੁਸਾਰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਅਮਰੀਕੀ ਡਰੋਨ ਹਮਲੇ 'ਚ ਮਾਰੇ ਗਏ ਅਲ ਕਾਇਦਾ ਦੇ ਨੇਤਾ ਅਯਮਾਨ ਅਲ-ਜ਼ਵਾਹਿਰੀ ਦਾ ਉੱਤਰਾਧਿਕਾਰੀ ਅਜੇ ਤੱਕ ਅਸਪੱਸ਼ਟ ਹੈ। ਜਦੋਂ ਕਿ ਅਲਕਾਇਦਾ ਵੱਲੋਂ ਅਜੇ ਤੱਕ ਜ਼ਵਾਹਿਰੀ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਅਲ-ਜ਼ਵਾਹਿਰੀ ਦਾ ਉੱਤਰਾਧਿਕਾਰੀ ਅਲ-ਕਾਇਦਾ 'ਚ ਕੌਣ ਹੈ, ਇਸ ਸਵਾਲ ਦੇ ਜਵਾਬ 'ਚ ਅਮਰੀਕਾ ਦੇ ਨੈਸ਼ਨਲ ਕਾਊਂਟਰ ਟੈਰੋਰਿਜ਼ਮ ਸੈਂਟਰ ਦੀ ਡਾਇਰੈਕਟਰ ਕ੍ਰਿਸਟੀਨ ਅਬੀਜ਼ੈਦ ਨੇ ਮੰਗਲਵਾਰ ਨੂੰ ਕਿਹਾ ਕਿ ਅਲ-ਕਾਇਦਾ ਲਈ ਸਵਾਲ ਇਹ ਹੈ ਕਿ ਉਸ ਨੇ ਖੁਦ ਇਸ ਦਾ ਜਵਾਬ ਨਹੀਂ ਦਿੱਤਾ ਹੈ ਕਿ ਕੌਣ (ਜ਼ਵਾਹਿਰੀ) ਤੋਂ ਬਾਅਦ ਉਸ ਦਾ ਮੁਖੀ ਹੋਵੇਗਾ।" ਵਾਸ਼ਿੰਗਟਨ 'ਚ ਇੱਕ ਸਮਾਗਮ 'ਚ ਬੋਲਦਿਆਂ ਅਮਰੀਕੀ ਅਫਸਰ ਕ੍ਰਿਸਟੀਨ ਦਾ ਇਹ ਬਿਆਨ ਕਾਫ਼ੀ ਹੈਰਾਨ ਕਰਨ ਵਾਲਾ ਹੈ। ਇਸ ਦੇ ਨਾਲ ਹੀ ਯੂਰਪੀਅਨ ਫਾਊਂਡੇਸ਼ਨ ਫਾਰ ਸਾਊਥ ਏਸ਼ੀਅਨ ਸਟੱਡੀਜ਼ (ਈ.ਐੱਫ.ਐੱਸ.ਏ.ਐੱਸ.) ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ 9/11 ਦੇ ਮੁੱਖ ਸਾਜ਼ਿਸ਼ਕਰਤਾ ਜ਼ਵਾਹਿਰੀ ਦੇ ਪਾਕਿਸਤਾਨ 'ਚ ਰਹਿਣ ਦੀ ਸੂਚਨਾ ਮਿਲੀ ਸੀ ਅਤੇ ਜਦੋਂ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕੀਤਾ ਸੀ ਤਾਂ ਫਿਰ ਉਹ ਕਾਬੁਲ ਪਰਤ ਆਇਆ ਸੀ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਅਯਮਾਨ ਅਲ-ਜ਼ਵਾਹਿਰੀ ਸੰਭਾਵਤ ਤੌਰ 'ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੀ ਸੁਰੱਖਿਆ 'ਚ ਸੀ। ਹਾਲਾਂਕਿ ਜ਼ਵਾਹਿਰੀ ਦੇ ਉੱਤਰਾਧਿਕਾਰੀ ਬਾਰੇ ਕਈ ਦਾਅਵੇ ਕੀਤੇ ਜਾ ਚੁੱਕੇ ਹਨ ਪਰ ਸਭ ਤੋਂ ਪ੍ਰਮੁੱਖ ਦਾਅਵਾ ਮਿਸਰ ਦੇ ਸਾਬਕਾ ਫੌਜੀ ਅਧਿਕਾਰੀ ਸੈਫ ਅਲ-ਅਦੇਲ ਨੂੰ ਲੈ ਕੇ ਹੈ। ਸੈਫ ਅਲ-ਅਦੇਲ ਨੂੰ ਬਹੁਤ ਰਹੱਸਮਈ ਮੰਨਿਆ ਜਾਂਦਾ ਹੈ ਅਤੇ ਉਹ ਲੰਬੇ ਸਮੇਂ ਤੋਂ ਅਲ-ਕਾਇਦਾ ਦੇ ਚੋਟੀ ਦੇ ਅਹੁਦੇ 'ਤੇ ਤਾਇਨਾਤ ਰਿਹਾ ਹੈ, ਇਸ ਲਈ ਅਲ-ਕਾਇਦਾ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਵਾਲੇ ਮਾਹਿਰਾਂ ਦਾ ਮੰਨਣਾ ਹੈ ਕਿ ਸੈਫ ਅਲ-ਅਦੇਲ ਅਲ-ਕਾਇਦਾ ਦਾ ਨਵਾਂ ਮੁਖੀ ਹੋ ਸਕਦਾ ਹੈ। ਇਸ ਦੇ ਨਾਲ ਹੀ, ਰਾਇਟਰਜ਼ ਦੀ ਇੱਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਮਰੀਕਾ ਨੇ ਉਸ ਦੀ ਗ੍ਰਿਫਤਾਰੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10 ਮਿਲੀਅਨ ਡਾਲਰ ਤੱਕ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।