ਤਾਈਵਾਨ ਦੇ ਪੂਰਬੀ ਤੱਟ ''ਤੇ ਆਇਆ ਜ਼ਬਰਦਸਤ ਭੂਚਾਲ, ਸੁਨਾਮੀ ਦਾ ਕੋਈ ਖ਼ਤਰਾ ਨਹੀਂ

05/09/2022 3:21:44 PM

ਤਾਈਪੇ (ਏਜੰਸੀ) : ਤਾਈਵਾਨ ਦੇ ਪੂਰਬੀ ਤੱਟ ‘ਤੇ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਭੂਚਾਲ ਕਾਰਨ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭੂਚਾਲ ਨੇ ਰਾਜਧਾਨੀ ਤਾਈਪੇ ਦੀਆਂ ਇਮਾਰਤਾਂ ਨੂੰ ਹਿਲਾ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ।

ਤਾਈਵਾਨ ਦੇ ਕੇਂਦਰੀ ਮੌਸਮ ਵਿਗਿਆਨ ਬਿਊਰੋ ਨੇ ਕਿਹਾ ਕਿ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.1 ਮਾਪੀ ਗਈ ਅਤੇ ਇਸ ਦਾ ਕੇਂਦਰ ਹੁਇਲੀਨ ਸ਼ਹਿਰ ਤੋਂ ਲਗਭਗ 90 ਕਿਲੋਮੀਟਰ ਦੂਰ 27 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਬਿਊਰੋ ਨੇ ਕਿਹਾ ਕਿ ਤਾਈਪੇ ਸਮੇਤ ਉੱਤਰ-ਪੂਰਬੀ ਤਾਈਵਾਨ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਸਥਾਨ ਜਾਪਾਨੀ ਦੀਪ ਸਮੂਹ ਦੇ ਪੱਛਮੀ ਤੱਟ 'ਤੇ ਯੋਨਾਗੁਨੀ ਦੇ ਦੂਰ-ਦੁਰਾਡੇ ਟਾਪੂ ਤੋਂ ਲਗਭਗ 70 ਕਿਲੋਮੀਟਰ ਦੂਰ ਦੱਖਣ-ਪੱਛਮ 'ਚ ਸੀ।

ਜਾਪਾਨੀ ਮੌਸਮ ਵਿਗਿਆਨ ਏਜੰਸੀ ਦੇ ਅਨੁਸਾਰ, ਭੂਚਾਲ ਦੀ ਤੀਬਰਤਾ 6.6 ਦੱਸੀ, ਜਦੋਂ ਕਿ ਅਮਰੀਕੀ ਭੂ-ਵਿਗਿਆਨ ਸਰਵੇਖਣ ਵਿਭਾਗ ਨੇ ਇਸ ਦੀ ਤੀਬਰਤਾ 6.3 ਦੱਸੀ। ਜਾਪਾਨੀ ਏਜੰਸੀ ਨੇ ਕਿਹਾ ਕਿ ਸਮੁੰਦਰ ਦੇ ਪਾਣੀ ਦੇ ਪੱਧਰ 'ਚ ਕੁਝ ਵਾਧਾ ਹੋ ਸਕਦਾ ਹੈ ਪਰ ਭੂਚਾਲ ਕਾਰਨ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ।
 


cherry

Content Editor

Related News