ਚੀਨ ਦੇ ਉੱਤਰ-ਪੱਛਮੀ ਸ਼ਿਨਜਿਆਂਗ ਖੇਤਰ ''ਚ ਭੂਚਾਲ ਦੇ ਤੇਜ਼ ਝਟਕੇ ਕੀਤੇ ਗਏ ਮਹਿਸੂਸ
Monday, Jan 30, 2023 - 12:48 PM (IST)
ਬੀਜਿੰਗ (ਭਾਸ਼ਾ)- ਉੱਤਰੀ-ਪੱਛਮੀ ਚੀਨ ਦੇ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਸੋਮਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਚੀਨ ਦੀ ਇਕ ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਭੂਚਾਲ ਤੋਂ ਬਾਅਦ ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ। ਭੂਚਾਲ ਸਵੇਰੇ 7:49 ਵਜੇ ਆਇਆ। ਸਰਕਾਰੀ ਪ੍ਰਸਾਰਕ ਸੀਸੀਟੀਵੀ ਨੇ ਫੁਟੇਜ ਜਾਰੀ ਕੀਤੀ, ਜਿਸ ਵਿੱਚ ਇਕ ਹਵਾਈ ਅੱਡੇ ਤੋਂ ਲੋਕਾਂ ਨੂੰ ਬਾਹਰ ਕੱਢਦੇ ਹੋਏ ਦਿਖਾਇਆ ਗਿਆ ਹੈ।
'ਚਾਇਨਾ ਅਰਥਕਵੇਕ ਨੈੱਟਵਰਕ ਸੈਂਟਰ' ਨੇ ਭੂਚਾਲ ਦੀ ਤੀਬਰਤਾ 6.1 ਦੱਸੀ ਹੈ, ਜਦੋਂ ਕਿ ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਭੂਚਾਲ ਦੀ ਤੀਬਰਤਾ 5.7 ਦੱਸੀ ਹੈ। ਸੰਸਾਧਨਾਂ ਨਾਲ ਭਰਪੂਰ ਸ਼ਿਨਜਿਆਂਗ, ਚੀਨ ਦੇ ਸਭ ਤੋਂ ਵੱਧ ਭੂਚਾਲ ਵਾਲੇ ਖੇਤਰਾਂ ਵਿੱਚੋਂ ਇੱਕ ਹੈ। ਚੀਨ ਵਿੱਚ ਸਭ ਤੋਂ ਖਤਰਨਾਕ ਭੂਚਾਲ 2008 ਵਿੱਚ ਸਿਚੁਆਨ ਸੂਬੇ ਵਿੱਚ ਆਇਆ ਸੀ, ਜਿਸ ਵਿੱਚ ਲਗਭਗ 90,000 ਲੋਕਾਂ ਦੀ ਮੌਤ ਹੋ ਗਈ ਸੀ। ਸਿਚੁਆਨ ਸੂਬਾ ਸ਼ਿਨਜਿਆਂਗ ਦੇ ਦੱਖਣ ਵਿੱਚ ਸਥਿਤ ਹੈ।