ਬ੍ਰਿਟੇਨ ''ਚ ਹੋ ਸਕਦੇ ਹਨ ਹੋਰ ਅੱਤਵਾਦੀ ਹਮਲੇ, ਸਾਰੀਆਂ ਪ੍ਰਮੁੱਖ ਥਾਵਾਂ ''ਤੇ ਫੌਜ ਤਾਇਨਾਤ

05/24/2017 10:32:11 AM

ਮੈਨਚੇਸਟਰ — ਬ੍ਰਿਟੇਨ ਦੇ ਉੱਤਰੀ ਸ਼ਹਿਰ ਮੈਨਚੇਸਟਰ ਵਿੱਚ ਅਮਰੀਕੀ ਗਾਇਕਾ ਅਰਿਆਨਾ ਗ੍ਰੈਂਡੇ  ਦੇ ਇੱਕ ਪ੍ਰੋਗਰਾਮ ਮਗਰੋਂ ਹੋਏ ਆਤਮਘਾਤੀ ਬੰਬ ਧਮਾਕੇ ਨਾਲ ਲੋਕ ਸਹਿਮ ਗਏ ਹਨ ਕਿਉਂਕਿ ਇਸ ਨਾਲ ਅੱਤਵਾਦੀ ਹਮਲੇ ਦਾ ਖਤਰਾ ਹੋਰ ਵੀ ਵਧ ਗਿਆ ਹੈ । ਹਾਲਾਤ ਨੂੰ ਦੇਖਦੇ ਹੋਏ ਬ੍ਰਿਟੇਨ ਦੇ ਮਹੱਤਵਪੂਰਣ ਇਲਾਕਿਆਂ ''ਚ ਹੋਰ ਵੀ ਫੌਜੀਆਂ ਨੂੰ ਤਾਇਨਾਤ ਕੀਤਾ ਜਾਵੇਗਾ ।   
ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕਿਹਾ ਕਿ ਕਾਇਰਤਾ ਵਾਲੇ ਅੱਤਵਾਦੀ ਹਮਲੇ ਨਾਲ ਲੋਕਾਂ ਨੂੰ ਸ਼ਿਕਾਰ ਬਣਾਇਆ ਗਿਆ ਹੈ । ਮੈਨਚੇਸਟਰ ਦੇ ਚੀਫ ਕਾਂਸਟੇਬਲ ਨੇ ਦੱਸਿਆ ਕਿ ਮੈਨਚੇਸਟਰ ਏਰੇਨਾ ਵਿੱਚ ਹੋਏ ਇਸ ਆਤਮਘਾਤੀ ਬੰਬ ਧਮਾਕੇ ਵਿੱਚ ਕੁੱਝ ਬੱਚਿਆਂ ਸਮੇਤ 22 ਲੋਕ ਮਾਰੇ ਗਏ ਜਦੋਂ ਕਿ 119 ਹੋਰ ਜ਼ਖਮੀ ਹੋ ਗਏ । ਸ਼੍ਰੀਮਤੀ ਮੇਅ ਨੇ ਕਿਹਾ ਕਿ ਇਸ ਹਮਲੇ ਤੋਂ ਬਾਅਦ ਦੇਸ਼ ਵਿੱਚ ਗੰਭੀਰ ਖਤਰਾ ਬਣਿਆ ਹੋਇਆ ਹੈ ਅਤੇ ਅੱਤਵਾਦੀ ਹਮਲੇ ਹੋਣ ਦਾ ਸ਼ੱਕ ਬਣਿਆ ਹੋਇਆ ਹੈ । ਉਨ੍ਹਾਂ ਕਿਹਾ ਕਿ ਖਤਰੇ ਨੂੰ ਵੇਖਦੇ ਹੋਏ ਦੇਸ਼ ਦੇ ਮਹੱਤਵਪੂਰਣ ਇਲਾਕਿਆਂ ''ਤੇ ਹੋਰ ਵੀ ਫੌਜੀਆਂ ਨੂੰ ਤਾਇਨਾਤ ਕੀਤਾ ਜਾਵੇਗਾ । ਪ੍ਰਧਾਨ ਮੰਤਰੀ ਮੇਅ ਨੇ ਇਸ ਆਤਮਘਾਤੀ ਹਮਲੇ ਨੂੰ ਘਟੀਆ, ਘਿਨੌਣਾ ਅਤੇ ਕਾਇਰਤਾ ਵਾਲਾ ਕਰਾਰ ਦਿੱਤਾ ਹੈ । 
ਬ੍ਰਿਟੇਨ ਪੁਲਸ ਮੁਤਾਬਕ ਅੱਤਵਾਦੀ ਹਮਲੇ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ । ਇਸ ਆਤਮਘਾਤੀ ਬੰਬ ਧਮਾਕੇ ਦੀ ਜ਼ਿੰਮੇਦਾਰੀ ਅੱਤਵਾਦੀ ਸੰਗਠਨ ਇਸਲਾਮਕ ਸਟੇਟ ਨੇ ਲਈ ਹੈ । ਸੰਗਠਨ ਵਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਕਿ ਉਸ ਨੇ ਇਸ ਪ੍ਰੋਗਰਾਮ ''ਚ ਵਿਸਫੋਟਕ ਸਮੱਗਰੀ ਲਗਾਈ ਸੀ, ਜਿਸ ਕਾਰਨ ਧਮਾਕੇ ਹੋਏ ।  
ਬਿਆਨ ''ਚ ਕਿਹਾ ਗਿਆ,'' ਮੈਨਚੇਸਟਰ ਸ਼ਹਿਰ ''ਚ ਭੀੜ ਵਿਚਕਾਰ ਉਸ ਦੇ ਇਕ ਲੜਾਕੇ ਨੇ ਇਹ ਵਿਸਫੋਟਕ ਸਮੱਗਰੀ ਲਗਾਈ ਸੀ ।'' ਪੁਲਸ ਮੁਤਾਬਕ ਇਸ ਆਤਮਘਾਤੀ ਹਮਲੇ ਦੇ ਸ਼ੱਕੀ ਦੀ ਪਹਿਚਾਣ ਬ੍ਰਿਟਿਸ਼ ਮੂਲ ਦੇ 22 ਸਾਲਾ ਸਲਮਾਨ ਅਬੇਦੀ ਦੇ ਰੂਪ ਵਿੱਚ ਹੋਈ ਹੈ।

Related News