ਪਾਪੂਆ ਨਿਊ ਗਿਨੀ 'ਚ ਫਿਰ ਲੱਗੇ ਭੂਚਾਲ ਦੇ ਝਟਕੇ

03/09/2018 12:06:27 PM

ਸਿਡਨੀ— ਪਾਪੂਆ ਨਿਊ ਗਿਨੀ ਦੇ ਤਟ 'ਤੇ ਸ਼ੁੱਕਰਵਾਰ ਤੜਕੇ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ 6.8 ਮਾਪੀ ਗਈ। ਅਧਿਕਾਰੀਆਂ ਨੇ ਫਿਲਹਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਅਤੇ ਸੁਨਾਮੀ ਦੀ ਚਿਤਾਵਨੀ ਦੀ ਸੂਚਨਾ ਨਹੀਂ ਦਿੱਤੀ। ਅਮਰੀਕੀ ਵਿਗਿਆਨੀਆਂ ਨੇ ਦੱਸਿਆ ਕਿ ਭੂਚਾਲ ਤਾਰੋਨ ਦੇ ਨਿਊ ਆਇਰਲੈਂਡ ਤਟ ਤੋਂ 20 ਕਿਲੋਮੀਟਰ ਦੀ ਦੂਰੀ 'ਤੇ ਸਥਾਨਕ ਸਮੇਂ ਮੁਤਾਬਕ ਸਵੇਰੇ 3.39 'ਤੇ ਆਇਆ। ਭੂਚਾਲ ਦਾ ਕੇਂਦਰ ਜ਼ਮੀਨ 'ਚ 15 ਕਿਲੋਮੀਟਰ ਦੀ ਡੂੰਘਾਈ 'ਚ ਸੀ।
ਪੋਰਟ ਮੋਸਰਬੀ ਦੇ ਰਾਸ਼ਟਰੀ ਸੁਰੱਖਿਆ ਪ੍ਰਬੰਧਾਂ ਦੇ ਦਫਤਰ ਵੱਲੋਂ ਦੱਸਿਆ ਗਿਆ ਕਿ ਫਿਲਹਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ ਪਰ ਖੇਤਰੀ ਐਮਰਜੈਂਸੀ ਕਰੂ ਬਾਅਦ 'ਚ ਇਸ ਦੀ ਸਥਿਤੀ ਦਾ ਮੁਲਾਂਕਣ ਕਰੇਗਾ। ਉਨ੍ਹਾਂ ਨੇ ਕਿਹਾ ਕਿ ਉਹ ਖੇਤਰੀ ਦਫਤਰਾਂ ਨਾਲ ਸੰਪਰਕ 'ਚ ਹਨ ਅਤੇ ਉਹ ਸਥਿਤੀ ਦਾ ਪਤਾ ਲਗਾ ਰਹੇ ਹਨ।'' ਇਸ ਭੂਚਾਲ ਦਾ ਕੇਂਦਰ 26 ਫਰਵਰੀ ਨੂੰ ਪਹਾੜੀ ਇਲਾਕੇ 'ਚ ਆਏ ਭੂਚਾਲ ਵਾਲੇ ਖੇਤਰ ਤੋਂ ਤਕਰੀਬਨ 800 ਕਿਲੋਮੀਟਰ ਪੂਰਬ 'ਚ ਸੀ। ਤੁਹਾਨੂੰ ਦੱਸ ਦਈਏ ਕਿ 26 ਫਰਵਰੀ ਨੂੰ 7.5 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ 'ਚ ਘੱਟੋ-ਘੱਟ 100 ਤੋ ਵਧੇਰੇ ਲੋਕ ਮਾਰੇ ਗਏ ਸਨ। ਅਜੇ ਵੀ ਬਹੁਤ ਸਾਰੇ ਲੋਕ ਜ਼ਖਮੀ ਹਨ ਅਤੇ ਕਈ ਲਾਪਤਾ ਹਨ।


Related News