ਸੇਂਟ ਲੂਇਸ ਨੇ ਚੁਣੀ ਆਪਣੀ ਪਹਿਲੀ ਕਾਲੇ ਮੂਲ ਦੀ ਮਹਿਲਾ ਮੇਅਰ
Thursday, Apr 08, 2021 - 12:08 PM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਸੈਂਟ ਲੂਇਸ ਨੇ ਤਿਸ਼ੌਰਾ ਜੋਨਸ ਦੇ ਰੂਪ ਵਿੱਚ ਕਾਲੇ ਮੂਲ ਦੀ ਪਹਿਲੀ ਮਹਿਲਾ ਮੇਅਰ ਨੂੰ ਚੁਣਿਆ ਹੈ। ਜੋਨਸ ਨੇ ਮੰਗਲਵਾਰ ਨੂੰ ਚੋਣ ਜਿੱਤੀ ਅਤੇ ਉਹ ਸ਼ਹਿਰ ਵਿੱਚ ਪਹਿਲੀ ਕਾਲੀ ਮਹਿਲਾ ਮੇਅਰ ਵਜੋਂ ਅਹੁਦਾ ਸੰਭਾਲਣਗੇ। ਜੋਨਸ ਨੇ ਚੋਣਾਂ ਵਿੱਚ ਸ਼ਹਿਰ ਦੀ ਵੈਬਸਾਈਟ 'ਤੇ ਪੋਸਟ ਕੀਤੇ ਅਣਅਧਿਕਾਰਤ ਨਤੀਜਿਆਂ ਦੇ ਅਧਾਰ 'ਤੇ ਚੋਣਾਂ ਵਿੱਚ ਐਲਡਰਵੁਮਨ ਕੈਰਾ ਸਪੈਂਸਰ ਨੂੰ 51.7% ਨਾਲ ਹਰਾਇਆ ਅਤੇ ਉਹ ਆਪਣੇ ਅਹੁਦੇ ਲਈ 20 ਅਪ੍ਰੈਲ ਨੂੰ ਸਹੁੰ ਚੁੱਕੇਗੀ।
49 ਸਾਲਾ ਜੋਨਸ ਰਾਜ ਦੀ ਸਾਬਕਾ ਪ੍ਰਤੀਨਿਧੀ ਹੈ ਜੋ ਕਿ 2013 ਤੋਂ ਖਜ਼ਾਨਚੀ ਵੀ ਰਹੀ ਹੈ। ਉਹ ਮੌਜੂਦਾ ਮੇਅਰ ਲੀਡਾ ਕਰਿਊਸਨ ਦੀ ਥਾਂ ਲਵੇਗੀ, ਜਿਸ ਨੇ ਨਵੰਬਰ ਵਿੱਚ ਐਲਾਨ ਕੀਤਾ ਸੀ ਕਿ ਉਹ ਦੂਜੀ ਵਾਰ ਕਾਰਜਕਾਲ ਦੀ ਚੋਣ ਨਹੀਂ ਕਰੇਗੀ। ਕਰਿਊਸਨ (67) ਸ਼ਹਿਰ ਦੀ ਪਹਿਲੀ ਮਹਿਲਾ ਮੇਅਰ ਹੈ। ਆਪਣੀ ਨਵੇਂ ਅਹੁਦੇ ਦੌਰਾਨ ਜੋਨਸ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਸੰਨ 1950 ਵਿੱਚ ਜਿਹੜੀ ਆਬਾਦੀ 856,796 ਸੀ, ਉਹ ਹੁਣ 300,000 ਤੋਂ ਉੱਪਰ ਹੈ ਅਤੇ ਲੋਕ ਅਜੇ ਵੀ ਵੱਡੇ ਸ਼ਹਿਰਾਂ ਨੂੰ ਜਾ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਸੜਕ 'ਤੇ ਹੋਈ ਗੋਲੀਬਾਰੀ, ਇੱਕ ਸਾਲਾ ਬੱਚੇ ਦੇ ਸਿਰ 'ਚ ਲੱਗੀ ਗੋਲੀ
ਡਾਉਨਟਾਊਨ, ਰੈਸਟੋਰੈਂਟਾਂ ਅਤੇ ਦੁਕਾਨਾਂ ਸਮੇਤ ਕਾਰੋਬਾਰ ਅਜੇ ਵੀ ਕੋਵਿਡ-19 ਨਾਲ ਬੰਦ ਹੋਣ ਤੋਂ ਬਾਅਦ ਸੰਘਰਸ਼ ਕਰ ਰਹੇ ਹਨ। ਜੋਨਸ ਨੇ ਵਧੇਰੇ ਵਰਦੀਧਾਰੀ ਅਫਸਰਾਂ ਨੂੰ ਸ਼ਾਮਿਲ ਕਰਨ ਦੀ ਬਜਾਏ ਵਧੇਰੇ ਸਮਾਜ ਸੇਵਕਾਂ, ਮਾਨਸਿਕ ਸਿਹਤ ਸਲਾਹਕਾਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਸਲਾਹਕਾਰਾਂ ਨੂੰ ਲਿਆਉਣ ਦਾ ਵਾਅਦਾ ਕੀਤਾ ਹੈ।ਸੇਂਟ ਲੂਇਸ ਵਿੱਚ ਲੱਗਭਗ 48% ਵਸਨੀਕ ਚਿੱਟੇ, 45% ਕਾਲੇ ਮੂਲ ਦੇ ਹਨ। ਹਾਲਾਂਕਿ ਜੋਨਸ ਅਤੇ ਸਪੈਨਸਰ ਦੋਵੇਂ ਡੈਮੋਕਰੇਟ ਹਨ।