ਸ੍ਰੀਲੰਕਾਈ ਜਲ ਸੈਨਾ ਨੇ ਗੈਰ-ਕਾਨੂੰਨੀ ਤਰੀਕੇ ਨਾਲ ਮੱਛੀ ਫੜਨ ਦੇ ਦੋਸ਼ ’ਚ 23 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ

10/14/2021 5:21:12 PM

ਕੋਲੰਬੋ (ਭਾਸ਼ਾ) : ਸ੍ਰੀਲੰਕਾਈ ਜਲ ਸੈਨਾ ਨੇ ਦੇਸ਼ ਦੇ ਜਲ ਖੇਤਰ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਮੱਛੀਆਂ ਫੜਨ ਦੇ ਦੋਸ਼ ਵਿਚ 23 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀਆਂ 2 ਕਿਸ਼ਤੀਆਂ ਜ਼ਬਤ ਕਰ ਲਈਆਂ ਹਨ। ਜਲ ਸੈਨਾ ਨੇ ਉਤਰੀ ਸੂਬੇ ਵਿਚ ਪੁਆਇੰਟ ਪੇਡਰੋ ਖੇਤਰ ਦੇ ਵੈਟੀਲੈਕਨੀ ਤੱਟ ’ਤੇ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ। ਜਲ ਸੈਨਾ ਨੇ ਇਕ ਬਿਆਨ ਵਿਚ ਕਿਹਾ, ‘ਸ੍ਰੀਲੰਕਾਈ ਜਲ ਖੇਤਰ ਵਿਚ ਵਿਦੇਸ਼ੀ ਮਛੇਰਿਆਂ ਵੱਲੋਂ ਗੈਰ-ਕਾਨੂੰਨੀ ਰੂਪ ਨਾਲ ਮੱਛੀ ਫੜੇ ਜਾਣ ਨਾਲ ਸਥਾਨਕ ਮੱੱਛੀ ਫੜਨ ਵਾਲੇ ਭਾਈਚਾਰੇ ’ਤੇ ਪੈਣ ਵਾਲੇ ਪ੍ਰਭਾਵ ਅਤੇ ਸ੍ਰੀਲੰਕਾ ਦੇ ਮੱਛੀ ਪਾਲਣ ਸਰੋਤਾਂ ਦੀ ਨਿਰੰਤਰਤਾ ਨੂੰ ਧਿਆਨ ਵਿਚ ਰੱਖਦੇ ਹੋਏ, ਜਲ ਸੈਨਾ ਨਿਯਮਿਤ ਗਸ਼ਤ ਦੇ ਨਾਲ-ਨਾਲ ਇਨ੍ਹਾਂ ਗਤੀਵਿਧੀਆਂ ਨੂੰ ਰੋਕਣ ਲਈ ਮੁਹਿੰਮ ਚਲਾ ਰਹੀ ਹੈ।’

ਇਹ ਵੀ ਪੜ੍ਹੋ : ਪਾਕਿਸਤਾਨ ਦੀ ਜਨਤਾ ਦਾ ਮਹਿੰਗਾਈ ਨੇ ਕੱਢਿਆ ਕਚੂੰਮਰ, 40 ਰੁਪਏ ’ਚ ਮਿਲ ਰਹੀ ਹੈ ਇਕ ਕੱਪ ਚਾਹ

ਮੁਹਿੰਮ ਦੌਰਾਨ ਮੱਛੀ ਫੜਨ ਦੇ ਉਪਕਰਨ ਵੀ ਜ਼ਬਤ ਕਰ ਲਏ ਗਏ। ਨਾਲ ਹੀ ਵੱਡੀ ਗਿਣਤੀ ਵਿਚ ਮੱਛੀ ਵੀ ਜ਼ਬਤ ਕੀਤੀ ਗਈ ਹੈ। ਮਾਰਚ ਵਿਚ ਜਲ ਸੈਨਾ ਨੇ ਆਪਣੇ ਦੇਸ਼ ਦੇ ਜਲ ਖੇਤਰ ਵਿਚ ਮੱਛੀ ਫੜਨ ਦੇ ਦੋਸ਼ ਵਿਚ 54 ਭਾਰਤੀ ਨਾਗਰਿਕਾਂ ਨੂੰ ਫੜਿਆ ਸੀ ਅਤੇ ਉਨ੍ਹਾਂ ਦੀਆਂ ਕਿਸ਼ਤੀਆਂ ਜ਼ਬਤ ਕਰ ਲਈਆਂ ਸਨ। ਜਲ ਸੈਨਾ ਦਾ ਕਹਿਣਾ ਹੈ ਕਿ ਕੋਵਿਡ-19 ਮਹਾਮਾਰੀ ਦੀ ਵਜ੍ਹਾ ਨਾਲ ਵਿਦੇਸ਼ੀ ਕਿਸ਼ਤੀਆਂ ਨੂੰ ਸੀਮਤ ਸੰਖਿਆ ਵਿਚ ਹੀ ਜ਼ਬਤ ਕੀਤਾ ਜਾਂਦਾ ਹੈ ਅਤੇ ਗ੍ਰਿਫ਼ਤਾਰ ਕੀਤੇ ਗਏ ਮਛੇਰਿਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਜਾਂਦਾ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News