ਸ਼੍ਰੀਲੰਕਾ ਨੇ 41 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ
Wednesday, Jan 22, 2025 - 03:20 PM (IST)
ਚੇਨਈ (ਏਜੰਸੀ)- ਸ਼੍ਰੀਲੰਕਾ ਨੇ 41 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਤਾਮਿਲਨਾਡੂ ਦੇ 41 ਮਛੇਰੇ ਚੇਨਈ ਹਵਾਈ ਅੱਡੇ 'ਤੇ ਪਹੁੰਚ ਗਏ ਹਨ। ਇਨ੍ਹਾਂ ਮਛੇਰਿਆਂ ਨੂੰ ਸ਼੍ਰੀਲੰਕਾ ਦੀ ਜਲ ਸੈਨਾ ਨੇ 8 ਸਤੰਬਰ 2024 ਨੂੰ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ (IMBL) ਪਾਰ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ। ਸ਼੍ਰੀਲੰਕਾ ਦੇ ਅਧਿਕਾਰੀਆਂ ਵੱਲੋਂ ਰਿਹਾਅ ਕੀਤੇ ਜਾਣ ਤੋਂ ਬਾਅਦ ਮਛੇਰੇ ਮੰਗਲਵਾਰ ਦੇਰ ਰਾਤ ਚੇਨਈ ਹਵਾਈ ਅੱਡੇ 'ਤੇ ਪਹੁੰਚੇ।
ਤਾਮਿਲਨਾਡੂ ਤੱਟਵਰਤੀ ਪੁਲਸ ਅਧਿਕਾਰੀਆਂ ਅਨੁਸਾਰ, 41 ਮਛੇਰਿਆਂ ਵਿੱਚੋਂ 35 ਰਾਮਨਾਥਪੁਰਮ ਦੇ ਵਸਨੀਕ ਹਨ, ਜਦੋਂ ਕਿ ਬਾਕੀ ਨਾਗਾਪਟਨਮ ਅਤੇ ਪੁਡੂਕੋਟਾਈ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਘਰ ਵਾਪਸ ਆਉਣ 'ਤੇ ਮਛੇਰਿਆਂ ਨੂੰ ਨਾਗਰਿਕਤਾ ਤਸਦੀਕ, ਕਸਟਮ ਜਾਂਚ ਅਤੇ ਹੋਰ ਰਸਮੀ ਕਾਰਵਾਈਆਂ ਵਿੱਚੋਂ ਗੁਜ਼ਰਨਾ ਪਿਆ। ਤਾਮਿਲਨਾਡੂ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਨੇ ਮਛੇਰਿਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਵੱਖ-ਵੱਖ ਵਾਹਨਾਂ ਵਿੱਚ ਉਨ੍ਹਾਂ ਦੇ ਜੱਦੀ ਸ਼ਹਿਰਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ।