ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਨੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੂੰ ਵਿੱਤ ਮੰਤਰੀ ਕੀਤਾ ਨਿਯੁਕਤ

05/25/2022 2:24:17 PM

ਕੋਲੰਬੋ (ਏਜੰਸੀ)- ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੂੰ ਦੇਸ਼ ਦਾ ਨਵਾਂ ਵਿੱਤ ਮੰਤਰੀ ਨਿਯੁਕਤ ਕੀਤਾ ਹੈ। ਇਹ ਜਾਣਕਾਰੀ ਇੱਕ ਅਧਿਕਾਰਤ ਬਿਆਨ ਵਿੱਚ ਦਿੱਤੀ ਗਈ। ਵਿਕਰਮਸਿੰਘੇ (73) ਨੂੰ ਰਾਸ਼ਟਰਪਤੀ ਨੇ ਵਿੱਤ, ਆਰਥਿਕ ਸਥਿਰਤਾ ਅਤੇ ਰਾਸ਼ਟਰੀ ਨੀਤੀ ਮੰਤਰੀ ਵਜੋਂ ਸਹੁੰ ਚੁਕਾਈ। ਪੰਜ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਵਿਕਰਮਸਿੰਘੇ ਨੂੰ ਸ਼੍ਰੀਲੰਕਾ ਵਿੱਚ ਵੱਡੇ ਆਰਥਿਕ ਸੰਕਟ ਕਾਰਨ ਪੈਦਾ ਹੋਏ ਸਿਆਸੀ ਸੰਕਟ ਤੋਂ ਬਾਅਦ 12 ਮਈ ਨੂੰ ਮੁੜ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੀ ਥਾਂ ਲਈ ਹੈ, ਜਿਨ੍ਹਾਂ ਨੇ ਆਰਥਿਕ ਸੰਕਟ ਨਾਲ ਨਜਿੱਠਣ ਲਈ ਇੱਕ ਸਰਬ-ਪਾਰਟੀ ਅੰਤਰਿਮ ਸਰਕਾਰ ਨਿਯੁਕਤ ਕਰਨ ਦੀ ਆਪਣੇ ਭਰਾ ਦੀ ਯੋਜਨਾ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਵਿਕਰਮਸਿੰਘੇ ਦੇ ਦਫ਼ਤਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਟਾਪੂ ਦੇ ਹੋਰ ਦੇਸ਼ਾਂ ਨਾਲ ਮੁੜ ਸਬੰਧਾਂ ਨੂੰ ਸਥਾਪਿਤ ਕੀਤਾ, ਸੰਵਿਧਾਨ ਵਿੱਚ 21 ਸੋਧਾਂ ਦੇ ਖਰੜੇ ਨਾਲ ਸੰਵਿਧਾਨਕ ਸੁਧਾਰ ਲਈ ਕਦਮ ਚੁੱਕੇ, ਤੇਲ ਦੀ ਸਪਲਾਈ ਯਕੀਨੀ ਕੀਤੀ ਲਅਤੇ ਅੰਤਰਿਮ ਬਜਟ ਦੀ ਤਿਆਰੀ ਕਰ ਰਹੇ ਹਨ। 225 ਮੈਂਬਰੀ ਵਿਧਾਨ ਸਭਾ ਵਿੱਚ ਵਿਕਰਮਾਸਿੰਘੇ ਕੋਲ ਸਿਰਫ਼ ਆਪਣੀ ਇੱਕ ਸੀਟ ਹੈ। ਉਹ ਬੀਮਾਰ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਦੇ ਆਪਣੇ ਫੌਰੀ ਕੰਮ ਵਿੱਚ ਸਮਰਥਨ ਲਈ ਹੋਰ ਰਾਜਨੀਤਿਕ ਪਾਰਟੀਆਂ 'ਤੇ ਨਿਰਭਰ ਹਨ।


cherry

Content Editor

Related News