ਸ਼੍ਰੀਲੰਕਾ ਨੇ ਸਾਲ 2025 ''ਚ ਹੁਣ ਤੱਕ 328 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ
Thursday, Nov 13, 2025 - 03:06 PM (IST)
ਕੋਲੰਬੋ (ਏਜੰਸੀ)- ਸ਼੍ਰੀਲੰਕਾ ਦੀ ਜਲ ਸੈਨਾ ਨੇ 2025 ਵਿਚ ਆਪਣੇ ਜਲ ਖੇਤਰ ਵਿਚ ਗੈਰ-ਕਾਨੂੰਨੀ ਮੱਛੀਆਂ ਫੜਨ ਦੇ ਦੋਸ਼ ਵਿਚ ਹੁਣ ਤੱਕ 328 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਸ਼੍ਰੀਲੰਕਾ ਦੇ ਇਕ ਉਪ ਮੰਤਰੀ ਨੇ ਵੀਰਵਾਰ ਨੂੰ ਦਿੱਤੀ। ਸ਼੍ਰੀਲੰਕਾ ਦੇ ਮੱਛੀ ਪਾਲਣ, ਜਲ ਅਤੇ ਸਮੁੰਦਰੀ ਸਰੋਤਾਂ ਦੇ ਉਪ ਮੰਤਰੀ ਰਤਨਾ ਗਾਮੇਜ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਲ ਸੈਨਾ ਨੇ ਮਛੇਰਿਆਂ ਵੱਲੋਂ ਵਰਤੀਆਂ ਗਈਆਂ 41 ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਵੀ ਜ਼ਬਤ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਸ਼੍ਰੀਲੰਕਾਈ ਜਲ ਖੇਤਰ ਵਿਚ ਵਿਦੇਸ਼ੀ ਮਛੇਰਿਆਂ ਦੇ ਗੈਰ-ਕਾਨੂੰਨੀ ਪ੍ਰਵੇਸ਼ 'ਤੇ ਨਕੇਲ ਕੱਸਣ ਲਈ ਮੁਹਿੰਮ ਤੇਜ਼ ਕਰ ਦਿੱਤੀ ਹੈ ਅਤੇ 2024 ਦੀ ਤੁਲਨਾ ਵਿਚ ਇਸ ਸਾਲ ਗ੍ਰਿਫਤਾਰੀਆਂ ਵਿਚ ਜ਼ਿਕਰਯੋਗ ਵਾਧਾ ਹੋਇਆ ਹੈ। ਗਾਮੇਜ ਨੇ ਕਿਹਾ ਇਨ੍ਹਾਂ ਕੋਸ਼ਿਸ਼ਾਂ ਵਿਚ ਜਲ ਸੈਨਾ ਨੂੰ ਮੱਛੀ ਪਾਲਣ, ਜਲ ਅਤੇ ਸਮੁੰਦਰੀ ਸਰੋਤ ਮੰਤਰਾਲਾ ਅਤੇ ਸ਼੍ਰੀਲੰਕਾਈ ਪੁਲਸ ਦਾ ਸਹਿਯੋਗ ਪ੍ਰਾਪਤ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸ਼੍ਰੀਲੰਕਾਈ ਜਲ ਖੇਤਰ ਵਿਚ ਗੈਰ-ਕਾਨੂੰਨੀ ਤੌਰ 'ਤੇ ਮੱਛੀਆਂ ਫੜਨ ਵਾਲੇ ਵਿਦੇਸ਼ੀ ਮਛੇਰੇ ਸਥਾਨਕ ਮਛੇਰਿਆਂ ਅਤੇ ਦੇਸ਼ ਦੇ ਸਮੁੰਦਰੀ ਵਾਤਾਵਰਣ ਲਈ ਹੋਂਦ ਦਾ ਖਤਰਾ ਪੈਦਾ ਕਰਦੇ ਹਨ, ਖਾਸ ਕਰਕੇ ਉਦੋਂ ਜਦੋਂ ਉਹ ਨੁਕਸਾਉਣ ਪਹੁੰਚਾਉਣ ਵਾਲੇ ਮੱਛੀਆਂ ਫੜਨ ਦੇ ਤਰੀਕਿਆਂ ਦੀ ਵਰਤੋਂ ਕਰਦੇ ਹਨ, ਜੋ ਸ਼੍ਰੀਲੰਕਾ ਵਿੱਚ ਵਰਜਿਤ ਹਨ।
