ਸ਼੍ਰੀਲੰਕਾ ''ਚ 6 ਮਈ ਤੋਂ ਦੁਬਾਰਾ ਖੁੱਲ੍ਹਣਗੇ ਸਕੂਲ
Sunday, May 05, 2019 - 05:03 PM (IST)

ਕੋਲੰਬੋ (ਬਿਊਰੋ)— ਸ਼੍ਰੀਲੰਕਾ ਵਿਚ ਈਸਟਰ ਸੰਡੇ ਹੋਏ ਬੰਬ ਧਮਾਕਿਆਂ ਦੇ ਦੋ ਹਫਤੇ ਬਾਅਦ ਭਾਰੀ ਸੁਰੱਖਿਆ ਵਿਚ ਸੋਮਵਾਰ (6 ਮਈ) ਨੂੰ ਸਕੂਲ ਖੁੱਲ੍ਹਣਗੇ। ਹਮਲੇ ਦੇ ਬਾਅਦ ਸੁਰੱਖਿਆ ਕਾਰਨਾਂ ਕਾਰਨ ਅਧਿਕਾਰੀਆਂ ਨੇ ਵਿੱਦਿਅਕ ਅਦਾਰੇ ਬੰਦ ਕਰਵਾ ਦਿੱਤੇ ਸਨ। ਬੀਤੀ 21 ਅਪ੍ਰੈਲ ਨੂੰ ਇਕ ਮਹਿਲਾ ਸਮੇਤ 9 ਆਤਮਘਾਤੀ ਹਮਲਾਵਰਾਂ ਵੱਲੋਂ ਤਿੰਨ ਚਰਚਾਂ ਅਤੇ ਤਿੰਨ ਲਗਜ਼ਰੀ ਹੋਟਲਾਂ ਵਿਚ ਕੀਤੇ ਗਏ ਹਮਲੇ ਵਿਚ 253 ਲੋਕਾਂ ਦੀ ਮੌਤ ਹੋ ਗਈ ਸੀ ਅਤੇ 500 ਤੋਂ ਵੱਧ ਜ਼ਖਮੀ ਹੋਏ ਸਨ। ਹਮਲੇ ਦੇ ਬਾਅਦ ਅਗਲੇ ਆਦੇਸ਼ ਤੱਕ ਅਧਿਕਾਰੀਆਂ ਨੇ ਸਕੂਲਾਂ ਨੂੰ ਬੰਦ ਕਰਵਾ ਦਿੱਤਾ ਸੀ।
ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਸੋਮਵਾਰ ਨੂੰ 6ਵੀਂ ਜਮਾਤ ਤੋਂ ਲੈ ਕੇ 13ਵੀਂ ਜਮਾਤ ਤੱਕ ਦੇ ਸਾਰੇ ਸਰਕਾਰੀ ਸਕੂਲਾਂ ਦਾ ਦੂਜਾ ਸੈਸ਼ਨ ਸ਼ੁਰੂ ਹੋਵੇਗਾ। ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦਾ ਦੂਜਾ ਸੈਸ਼ਨ 13 ਮਈ ਨੂੰ ਸ਼ੁਰੂ ਹੋਵੇਗਾ। ਹਾਲਾਂਕਿ ਸਰਕਾਰੀ ਸੂਚਨਾ ਦੇ ਜਨਰਲ ਸਕੱਤਰ ਨਲਕਾ ਕਲੁਵੇਵਾ ਮੁਤਾਬਕ 6ਵੀਂ ਜਮਾਤ ਅਤੇ ਉਸ ਤੋਂ ਉੱਪਰ ਦੀਆਂ ਹੀ ਕਲਾਸਾਂ ਲੱਗਣਗੀਆਂ। ਮੰਤਰੀ ਅਕਿਲਾ ਵਿਰਾਜ ਕਰਿਆਵਾਸਮ ਨੇ ਦੱਸਿਆ ਕਿ ਸਕੂਲ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਦੇ ਨਾਲ ਸਕੂਲ ਕੰਪਲੈਕਸਾਂ ਵਿਚ ਇਕ ਵਿਸ਼ੇਸ਼ ਸੁਰੱਖਿਆ ਪ੍ਰੋਗਰਾਮ ਲਾਗੂ ਕੀਤਾ ਜਾਵੇਗਾ। ਰਿਪੋਰਟ ਮੁਤਾਬਕ ਸਕੂਲ ਦੀ ਸੁਰੱਖਿਆ ਦੇ ਸਿਲਸਿਲੇ ਵਿਚ ਸਿੱਖਿਆ ਮੰਤਰਾਲੇ ਵੱਲੋਂ ਵਿਸ਼ੇਸ਼ ਸਰਕੁਲਰ ਜਾਰੀ ਕੀਤੇ ਗਏ ਹਨ।