ਸ਼੍ਰੀਲੰਕਾ: ਈਸਟਰ ਹਮਲਿਆਂ ਦੀ ਜਾਂਚ ਕਰ ਰਹੀ ਕਮੇਟੀ 6 ਮਈ ਨੂੰ ਜਾਰੀ ਕਰੇਗੀ ਰਿਪੋਰਟ
Wednesday, May 01, 2019 - 05:02 PM (IST)
 
            
            ਕੋਲੰਬੋ— ਸ਼੍ਰੀਲੰਕਾ 'ਚ ਈਸਟਰ ਦੇ ਦਿਨ ਹੋਏ ਅੱਤਵਾਦੀ ਹਮਲਿਆਂ ਦੇ ਲਈ ਰਾਸ਼ਟਰਪਤੀ ਮੈਤ੍ਰੀਪਾਲਾ ਸਿਰੀਸੇਨਾ ਵਲੋਂ ਨਿਯੁਕਤ ਵਿਸ਼ੇਸ਼ ਕਮੇਟੀ 6 ਮਈ ਨੂੰ ਆਪਣੀ ਰਿਪੋਰਟ ਜਾਰੀ ਕਰੇਗੀ। ਕਮੇਟੀ ਨੇ ਸਾਬਕਾ ਰੱਖਿਆ ਸਕੱਤਰ ਤੇ ਮੁਅੱਤਲ ਪੁਲਸ ਮੁਖੀ ਸਣੇ ਕਈ ਚੋਟੀ ਦੇ ਸਰਕਾਰੀ ਅਧਿਕਾਰੀਆਂ ਦੇ ਬਿਆਨ ਦਰਜ ਕੀਤੇ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਮੁਤਾਬਕ ਦੇਸ਼ 'ਚ ਈਸਟਰ ਦੇ ਦਿਨ 8 ਥਾਵਾਂ 'ਤੇ ਹੋਏ ਆਤਮਘਾਤੀ ਹਮਲਿਆਂ ਦੀ ਜਾਂਚ ਲਈ ਰਾਸ਼ਟਰਪਤੀ ਨੇ 21 ਅਪ੍ਰੈਲ ਨੂੰ ਤਿੰਨ ਮੈਂਬਰੀ ਕਮੇਟੀ ਨਿਯੁਕਤ ਕੀਤੀ ਸੀ, ਜਿਸ ਨੇ 22 ਅਪ੍ਰੈਲ ਨੂੰ ਆਪਣਾ ਕੰਮ ਸ਼ੁਰੂ ਕੀਤਾ ਸੀ। ਇਸ ਕਮੇਟੀ ਦੀ ਅਗਵਾਈ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਵਿਜੀਕ ਦੇ ਮਾਲਗੋਡਾ ਹਨ ਜਦਕਿ ਸਾਬਕਾ ਪੁਲਸ ਇੰਸਪੈਕਟਰ ਜਨਰਲ ਐੱਨ ਦੇ ਇਲਾਂਗਕੂਨ ਤੇ ਕਾਨੂੰਨ ਵਿਵਸਥਾ ਮੰਤਰਾਲੇ ਦੇ ਸਾਬਕਾ ਸਕੱਤਰ ਪਦਮਸਿਰੀ ਜਯਮਾਨੇ ਉਸ ਦੇ ਹੋਰ ਮੈਂਬਰ ਹਨ। ਅਧਿਕਾਰੀਆਂ ਮੁਤਾਬਕ ਕਮੇਟੀ 6 ਮਈ ਨੂੰ ਆਪਣੀ ਰਿਪੋਰਟ ਜਾਰੀ ਕਰਨ ਵਾਲੀ ਹੈ।
ਰਾਸ਼ਟਰਪਤੀ ਦੀ ਮੀਡੀਆ ਇਕਾਈ ਨੇ ਦੱਸਿਆ ਕਿ ਸਾਬਕਾ ਰੱਖਿਆ ਸਕੱਤਰ ਹੇਮਾਸਿਰੀ ਫਰਨਾਂਡੋ ਤੇ ਮੁਅੱਤਲ ਪੁਲਸ ਮੁਖੀ ਪੁਜੀਤ ਜਯਸੁੰਦਰਾ ਸਣੇ ਕਈ ਚੋਟੀ ਦੇ ਸਰਕਾਰੀ ਅਧਿਕਾਰੀਆਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ। ਫਰਨਾਂਡੋ ਨੇ ਸਿਰੀਸੇਨਾ ਦੇ ਕਹਿਣ 'ਤੇ ਅਹੁਦਾ ਛੱਡ ਦਿੱਤਾ ਸੀ ਜਦਕਿ ਜਯਸੁੰਦਰਾ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸਿਰੀਸੇਨਾ ਨੇ ਜਯਸੁੰਦਰਾ ਨੂੰ ਛੁੱਟੀ 'ਤੇ ਭੇਜ ਦਿੱਤਾ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            