ਯਾਤਰੀ ਤੇ ਹਵਾਈ ਆਵਾਜਾਈ ‘ਚ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨੇ ਤੋੜੇ ਰਿਕਾਰਡ

Saturday, Jan 06, 2024 - 03:09 PM (IST)

ਨਿਊਯਾਰਕ (ਰਾਜ ਗੋਗਨਾ)- ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਲਗਾਤਾਰ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਅੰਮ੍ਰਿਤਸਰ ਨੇ ਨਵੰਬਰ 2023 ‘ਚ ਇੱਕ ਮਹੀਨੇ ਦੀ ਯਾਤਰੀਆਂ ਦੀ ਆਵਾਜਾਈ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਅਮਰੀਕਾ ਵੱਸਦੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਅਤੇ ਵਿਅਸਤ ਹਵਾਈ ਅੱਡੇ ਵੱਲੋਂ ਹਾਸਲ ਕੀਤੇ ਇਸ ਮਹੱਤਵਪੂਰਨ ਮੀਲ ਪੱਥਰ ਦਾ ਖੁਲਾਸਾ ਕੀਤਾ। ਗੁਮਟਾਲਾ ਦੇ ਅਨੁਸਾਰ, ਏਅਰਪੋਰਟ ਅਥਾਰਟੀ ਆਫ਼ ਇੰਡੀਆ ਵੱਲੋਂ ਹਾਲ ਹੀ ਵਿੱਚ ਭਾਰਤ ਦੇ ਹਵਾਈ ਅੱਡਿਆਂ ਤੋਂ ਹਵਾਈ ਆਵਾਜਾਈ ਸੰਬੰਧੀ ਨਵੰਬਰ 2023 ਦੇ ਮਹੀਨੇ ਲਈ ਜਾਰੀ ਕੀਤੇ ਗਏ ਅੰਕੜੇ ਅਤੇ ਪਿਛਲੇ ਸਾਲਾਂ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ਨੇ ਨਵੰਬਰ 2023 ਵਿੱਚ ਕੁੱਲ 2,84,641 (ਲਗਭਗ 2.85 ਲੱਖ) ਯਾਤਰੀਆਂ ਦਾ ਸਵਾਗਤ ਕੀਤਾ, ਜਿਸ ਨਾਲ ਇਹ ਹਵਾਈ ਅੱਡੇ ਦੇ ਇਤਿਹਾਸ ਦਾ ਸਭ ਤੋਂ ਵੱਧ ਯਾਤਰੀਆਂ ਦੀ ਆਵਾਜਾਈ ਵਾਲਾ ਮਹੀਨਾ ਬਣ ਗਿਆ ਹੈ।

ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀ 21 ਸਾਲਾ ਸਾਂਸਦ ਨੇ ਨੱਚ ਕੇ ਦਿੱਤਾ ਭਾਸ਼ਣ, ਅਜਿਹਾ ਗਰਜੀ ਕਿ ਹਿੱਲ ਗਈ ਸੰਸਦ (ਵੀਡੀਓ)

PunjabKesari

ਇਸ ਵਿੱਚ 1,97,344 ਘਰੇਲੂ ਅਤੇ 87,297 ਅੰਤਰਰਾਸ਼ਟਰੀ ਯਾਤਰੀ ਸ਼ਾਮਲ ਹਨ। ਇਸੇ ਮਹੀਨੇ ਦੌਰਾਨ ਹੁਣ ਤੱਕ ਦੀ ਸਭ ਤੋਂ ਵੱਧ, ਕੁੱਲ 1903 ਹਵਾਈ ਉਡਾਣਾਂ ਦੀ ਆਵਾਜਾਈ ਦਰਜ ਕੀਤੀ ਗਈ, ਜਿਸ ਵਿੱਚ 1,411 ਘਰੇਲੂ ਅਤੇ 492 ਅੰਤਰਰਾਸ਼ਟਰੀ ਉਡਾਣਾਂ ਸ਼ਾਮਲ ਹਨ। ਉਹਨਾਂ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਦਸੰਬਰ 2018 ਵਿੱਚ ਸਭ ਤੋਂ ਵੱਧ 2,60,714 (ਲਗਭਗ 2.60 ਲੱਖ) ਯਾਤਰੀਆਂ ਦੀ ਗਿਣਤੀ ਦਰਜ ਕੀਤੀ ਗਈ ਸੀ। ਇਸ ਅੰਕੜੇ ਵਿੱਚ 1,76,898 ਘਰੇਲੂ ਅਤੇ 83,276 ਅੰਤਰਰਾਸ਼ਟਰੀ ਯਾਤਰੀ ਸ਼ਾਮਲ ਸਨ। ਇਸੇ ਮਹੀਨੇ ਦੌਰਾਨ ਹੀ ਪਿਛਲੀ ਸਭ ਤੋਂ ਵੱਧ, ਕੁੱਲ 1802 ਉਡਾਣਾਂ (1239 ਘਰੇਲੂ ਅਤੇ 563 ਅੰਤਰਰਾਸ਼ਟਰੀ) ਦੀ ਆਵਾਜਾਈ ਰਿਕਾਰਡ ਕੀਤੀ ਗਈ ਸੀ। ਨਵੰਬਰ 2023 ਵਿੱਚ ਯਾਤਰੀਆਂ ਦੀ ਕੁੱਲ ਗਿਣਤੀ ਵਿੱਚ ਨਵੰਬਰ 2022 ਦੇ ਮੁਕਾਬਲੇ 27.8 ਫੀਸਦੀ ਵਾਧਾ ਹੋਇਆ ਹੈ। ਉਸ ਮਹੀਨੇ ਯਾਤਰੀਆਂ ਦੀ ਕੁੱਲ ਗਿਣਤੀ 2,22,758 ਦਰਜ ਕੀਤੀ ਗਈ ਸੀ।

ਇਹ ਵੀ ਪੜ੍ਹੋ: ਨਿਊਯਾਰਕ ਦੇ ਸ਼ਹਿਰ ਬ੍ਰਾਈਟਨ ਨੇ ਰਚਿਆ ਇਤਿਹਾਸ, ਵਿਕਰਮ ਵਿਲਖੂ ਬਣੇ ਪਹਿਲੇ ਭਾਰਤੀ-ਅਮਰੀਕੀ ਜੱਜ

ਇਨੀਸ਼ੀਏਟਿਵ ਵੱਲੋਂ ਕੀਤੇ ਗਏ ਬੀਤੇ ਕਈ ਸਾਲਾਂ ਦੇ ਅੰਕੜਿਆਂ ਦੇ ਵਿਸਤ੍ਰਿਤ ਵਿਸ਼ਲੇਸ਼ਣ ਤੋਂ ਸਾਹਮਣੇ ਆਏ ਉਤਸ਼ਾਹਜਨਕ ਨਤੀਜਿਆਂ ‘ਤੇ ਖੁਸ਼ੀ ਜ਼ਾਹਰ ਕਰਦਿਆਂ ਗੁਮਟਾਲਾ ਨੇ ਹਵਾਈ ਅੱਡੇ ਦੇ ਇਤਿਹਾਸ ਵਿੱਚ ਇੱਕ ਹੋਰ ਨਵੇਂ ਮੀਲ ਪੱਥਰ ਦਾ ਵੀ ਖੁਲਾਸਾ ਕੀਤਾ। ਉਹਨਾਂ ਦੱਸਿਆਂ, “ਹਵਾਈੰ ਅੱਡੇ ਨੇ ਸਾਲ 2023 ਦੇ ਪਹਿਲੇ 11 ਮਹੀਨਿਆਂ (ਜਨਵਰੀ ਤੋਂ ਨਵੰਬਰ) ਵਿੱਚ ਹੀ ਕੁੱਲ 26,05,853 ਯਾਤਰੀ ਦਰਜ ਕਰਕੇ ਪੂਰੇ ਸਾਲ 2019 ਦੇ 12 ਮਹੀਨਿਆਂ (ਜਨਵਰੀ ਤੋਂ ਦਸੰਬਰ) ਵਿੱਚ ਦਰਜ ਪਿਛਲੀ ਸਭ ਤੋਂ ਵੱਧ 25,63,719 (ਤਕਰੀਬਨ 25.6 ਲੱਖ) ਯਾਤਰੀਆਂ ਦੀ ਕੁੱਲ ਗਿਣਤੀ ਨੂੰ ਵੀ ਮਾਤ ਦੇ ਦਿੱਤੀ ਹੈ। ਭਾਵੇਂ ਕਿ ਏਅਰਪੋਰਟ ਅਥਾਰਟੀ ਵੱਲੋਂ ਦਸੰਬਰ 2023 ਦੇ ਅੰਕੜੇ ਹਾਲੇ ਜਾਰੀ ਨਹੀਂ ਕੀਤੇ ਗਏ ਪਰ ਨਵੰਬਰ 2023 ਦੇ ਵਾਧੇ ਨੂੰ ਦੇਖਦੇ ਹੋਏ ਇਹ ਸੰਭਾਵਨਾ ਹੈ ਕਿ ਸਾਲ 2023 ਵਿੱਚ ਤਕਰੀਬਨ 29 ਲੱਖ ਯਾਤਰੀਆਂ ਦੀ ਕੁੱਲ ਆਵਾਜਾਈ ਹੋਈ ਹੋਵੇਗੀ। ਗੁਮਟਾਲਾ ਨੇ ਅੱਗੇ ਕਿਹਾ ਕਿ ਇਹ ਮੀਲ ਪੱਥਰ ਹਵਾਈ ਅੱਡੇ ਦੀ ਸੰਚਾਲਨ ਕੁਸ਼ਲਤਾ ਅਤੇ ਇੱਕ ਪ੍ਰਮੁੱਖ ਆਵਾਜਾਈ ਕੇਂਦਰ ਵਜੋਂ ਇਸ ਦੀ ਮਹੱਤਤਾ ਨੂੰ ਦਰਸਾਉਂਦਾ ਹੈ। 

ਇਹ ਵੀ ਪੜ੍ਹੋ: ਜਹਾਜ਼ 'ਚ 2 ਧੀਆਂ ਨਾਲ ਸਫ਼ਰ ਕਰ ਰਹੇ ਸਨ ਅਦਾਕਾਰ ਕ੍ਰਿਸਚੀਅਨ ਓਲੀਵਰ, ਸਮੁੰਦਰ 'ਚ ਡਿੱਗਿਆ ਪਲੇਨ, ਮੌਤ

ਉਹਨਾਂ ਇਹ ਵੀ ਉਜਾਗਰ ਕੀਤਾ ਕਿ ਵਰਤਮਾਨ ਵਿੱਚ ਅੰਮ੍ਰਿਤਸਰ 10 ਅੰਤਰਰਾਸ਼ਟਰੀ ਅਤੇ 13 ਘਰੇਲੂ ਹਵਾਈ ਅੱਡਿਆਂ ਨਾਲ ਸਿੱਧਾ ਸੰਪਰਕ ਰੱਖਦਾ ਹੈ। ਇਹਨਾਂ ਵਿੱਚ ਲੰਡਨ, ਬਰਮਿੰਘਮ, ਰੋਮ, ਮਿਲਾਨ, ਵੇਰੋਨਾ, ਦੁਬਈ, ਸ਼ਾਰਜਾਹ, ਦੋਹਾ, ਸਿੰਗਾਪੁਰ ਅਤੇ ਕੁਆਲਾਲੰਪੁਰ ਵਰਗੇ ਪ੍ਰਮੁੱਖ ਦੇਸ਼ ਸ਼ਾਮਲ ਹਨ। ਖਾਸ ਤੌਰ 'ਤੇ ਇੱਥੋਂ ਭਾਰਤ ਅਤੇ ਵਿਦੇਸ਼ ਦੀਆਂ 10 ਏਅਰਲਾਈਨਾਂ, ਹਫ਼ਤੇ ਵਿੱਚ ਤਕਰੀਬਨ 114 ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਕਰਦੀਆਂ ਹਨ। ਸੂਬਾ ਸਰਕਾਰ ਦੇ ਪ੍ਰਤੀ ਨਮੋਸ਼ੀ ਜਾਹਰ ਕਰਦਿਆਂ ਗੁਮਟਾਲਾ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਅੰਮ੍ਰਿਤਸਰ ਦੇ ਹਵਾਈ ਸੰਪਰਕ ਅਤੇ ਯਾਤਰੀ ਆਵਾਜਾਈ ਵਿੱਚ ਵਾਧੇ ਦੇ ਬਾਵਜੂਦ, ਪਿਛਲੀਆਂ ਅਤੇ ਹੁਣ ਮੌਜੂਦਾ ਰਾਜ ਸਰਕਾਰ ਨੇ ਅੰਮ੍ਰਿਤਸਰ ਸ਼ਹਿਰ ਜਿਵੇਂ ਕਿ ਦਰਬਾਰ ਸਾਹਿਬ ਜਾਂ ਪੰਜਾਬ ਦੇ ਹੋਰ ਸ਼ਹਿਰਾਂ ਤੋਂ ਹਵਾਈ ਅੱਡੇ ਤੱਕ ਕੋਈ ਵੀ ਜਨਤਕ ਆਵਾਜਾਈ ਲਈ ਬੱਸ ਸੇਵਾ ਪ੍ਰਦਾਨ ਨਹੀਂ ਕੀਤੀ। ਕਈ ਸਾਲਾਂ ਤੋਂ ਕੀਤੀ ਜਾ ਰਹੀ ਇਸ ਮੰਗ ਨੂੰ ਪੂਰੀ ਕਰਨ ਦੀ ਬਜਾਏ, ਮੌਜੂਦਾ ਸਰਕਾਰ ਆਪਣੇ ਹੀ ਸੂਬੇ ਦੇ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਦਿਆਂ ਪੰਜਾਬ ਦੇ ਸ਼ਹਿਰਾਂ ਤੋਂ ਦਿੱਲੀ ਹਵਾਈ ਅੱਡੇ ਲਈ ਸਰਕਾਰੀ ਬੱਸ ਸੰਪਰਕ ਪ੍ਰਦਾਨ ਕਰ ਰਹੀ ਹੈ। 

ਇਹ ਵੀ ਪੜ੍ਹੋ: ਇੰਡੋਨੇਸ਼ੀਆ 'ਚ 2 ਟਰੇਨਾਂ ਵਿਚਾਲੇ ਹੋਈ ਭਿਆਨਕ ਟੱਕਰ, 4 ਹਲਾਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News