ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੇ ਬੁੱਤ ਤੋਂ ''ਐਨਕ'' ਹੋਈ ਚੋਰੀ

Monday, Dec 06, 2021 - 02:59 PM (IST)

ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੇ ਬੁੱਤ ਤੋਂ ''ਐਨਕ'' ਹੋਈ ਚੋਰੀ

ਇਸਲਾਮਾਬਾਦ (ਵਾਰਤਾ): ਪਾਕਿਸਤਾਨ ਦੇ ਸੰਸਥਾਪਕ ਕਾਇਦੇ-ਆਜ਼ਮ ਮੁਹੰਮਦ ਅਲੀ ਜਿਨਾਹ ਹੁਣ ਚੋਰਾਂ ਦਾ ਸ਼ਿਕਾਰ ਹੋ ਗਏ ਹਨ। ਆਰਥਿਕ ਮੰਦੀ ਨਾਲ ਜੂਝ ਰਹੇ ਪਾਕਿਸਤਾਨ 'ਚ ਚੋਰਾਂ ਨੇ ਬੁੱਤ 'ਚ ਫਿੱਟ ਕੀਤੀ ਇਕ ਲੈਂਸ ਵਾਲੀ ਐਨਕ ਨੂੰ ਚੋਰੀ ਕਰ ਲਿਆ ਹੈ। ਇਹ ਬੁੱਤ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵੇਹਾਰੀ ਇਲਾਕੇ 'ਚ ਲਗਾਇਆ ਗਿਆ ਹੈ। ਜਿਨਾਹ ਇਕ ਲੈਂਸ ਵਾਲੀ ਐਨਕ ਦੀ ਮਦਦ ਨਾਲ ਜ਼ਿੰਦਗੀ ਭਰ ਪੜ੍ਹਨ ਦਾ ਕੰਮ ਕਰਦੇ ਰਹੇ ਸਨ। 

ਡਾਨ ਨੇ ਡਿਪਟੀ ਕਮਿਸ਼ਨਰ ਖਿਜ਼ਰ ਅਫਜ਼ਲ ਚੌਧਰੀ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਨੇ ਚੋਰੀ ਦੀ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।ਘਟਨਾ ਸ਼ਨੀਵਾਰ ਰਾਤ ਦੀ ਹੈ।ਘਟਨਾ ਦੀ ਨਿੰਦਾ ਕਰਦੇ ਹੋਏ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਮੁਲਤਾਨ ਦੇ ਕਮਿਸ਼ਨਰ ਤੋਂ ਰਿਪੋਰਟ ਮੰਗੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਹੜੀ ਐਨਕ ਚੋਰੀ ਹੋਈ ਹੈ, ਉਹ ਉਹਨਾਂ ਦੇ ਅਸਲੀ ਐਨਕਾਂ ਦੀ ਨਕਲ ਸੀ। ਜਿਹੜੇ ਖੇਤਰ ਵਿਚ ਇਹ ਬੁੱਤ ਸਥਾਪਿਤ ਕੀਤਾ ਗਿਆ ਹੈ, ਉੱਥੇ ਵੱਡੇ-ਵੱਡੇ ਅਫਸਰਾਂ ਦੇ ਘਰ ਹਨ ਅਤੇ ਸੁਰੱਖਿਆ ਵਿਵਸਥਾ ਮਜ਼ਬੂਤ ਬਣੀ ਰਹਿੰਦੀ ਹੈ। ਜਿਨਾਹ ਦੀਆਂ ਅਜਿਹੀਆਂ ਕਈ ਤਸਵੀਰਾਂ ਹਨ, ਜਿਨ੍ਹਾਂ 'ਚ ਉਹ ਸਿੰਗਲ ਲੈਂਸ ਵਾਲੀ ਐਨਕ ਪਾਈ ਨਜ਼ਰ ਆਏ ਹਨ। ਜਿਨਾਹ ਦਾ ਇਹ ਬੁੱਤ ਪਾਕਿਸਤਾਨ ਦੀ ਸੰਵਿਧਾਨ ਸਭਾ ਵਿੱਚ ਦਿੱਤੇ ਭਾਸ਼ਣ ਦੀ ਤਸਵੀਰ 'ਤੇ ਆਧਾਰਿਤ ਹੈ। ਇਸ ਭਾਸ਼ਣ ਵਿੱਚ ਜਿਨਾਹ ਨੇ ਘੱਟ ਗਿਣਤੀਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਣ ਦੀ ਗੱਲ ਕੀਤੀ ਸੀ।

ਜਿਨਾਹ ਅਤੇ ਉਹਨਾਂ ਦੀ ਭੈਣ ਦੀ ਜਾਇਦਾਦ ਵੀ ਗਾਇਬ
ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ-ਐਤਵਾਰ ਦੀ ਰਾਤ ਚੋਰਾਂ ਨੇ ਬੁੱਤ ਤੋਂ ਜਿਨਾਹ ਦੀ ਪਛਾਣ ਬਣ ਚੁੱਕੀ ਇਹ ਐਨਕ ਚੋਰੀ ਕਰ ਲਈ। ਹਾਲਾਂਕਿ ਚੰਗੀ ਗੱਲ ਇਹ ਰਹੀ ਕਿ ਚੋਰਾਂ ਨੇ ਬੁੱਤ ਨਹੀਂ ਤੋੜ ਦਿੱਤਾ ਜਿਵੇਂ ਕਿ ਦੇਸ਼ ਦੇ ਹੋਰ ਹਿੱਸਿਆਂ ਵਿਚ ਹੋ ਚੁੱਕਾ ਹੈ। ਦੱਸ ਦੇਈਏ ਕਿ ਜਿਨਾਹ ਅਤੇ ਉਨ੍ਹਾਂ ਦੀ ਭੈਣ ਫਾਤਿਮਾ ਜਿਨਾਹ ਦੀ ਜਾਇਦਾਦ ਵੀ ਗਾਇਬ ਹੋ ਗਈ ਹੈ। ਇਸ ਦੇ ਮੱਦੇਨਜ਼ਰ ਪਾਕਿਸਤਾਨ ਦੀ ਇਕ ਅਦਾਲਤ ਨੇ ਹਾਲ ਹੀ ਵਿਚ ਦੇਸ਼ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਅਤੇ ਉਨ੍ਹਾਂ ਦੀ ਭੈਣ ਫਾਤਿਮਾ ਦੀ ਜਾਇਦਾਦ ਅਤੇ ਹੋਰ ਸਮਾਨ ਦਾ ਪਤਾ ਲਗਾਉਣ ਲਈ ਇਕ ਮੈਂਬਰੀ ਕਮਿਸ਼ਨ ਦਾ ਗਠਨ ਕੀਤਾ ਸੀ।

ਪੜ੍ਹੋ ਇਹ ਅਹਿਮ ਖਬਰ- ਮੌਬ ਲਿਚਿੰਗ ਮਾਮਲਾ : ਪਾਕਿ ਰੱਖਿਆ ਮੰਤਰੀ ਦਾ ਸ਼ਰਮਨਾਕ ਬਿਆਨ, ਕਿਹਾ-ਮੁਸਲਿਮ ਬੱਚੇ ਹਨ, ਜੋਸ਼ 'ਚ ਆ ਗਏ (ਵੀਡੀਓ)

ਸਿੰਧ ਹਾਈ ਕੋਰਟ (SHC) ਦੇ ਹੁਕਮਾਂ ਤੋਂ ਬਾਅਦ, ਮੰਗਲਵਾਰ ਨੂੰ ਸੇਵਾਮੁਕਤ ਜਸਟਿਸ ਫਹੀਮ ਅਹਿਮਦ ਸਿੱਦੀਕੀ ਦੀ ਪ੍ਰਧਾਨਗੀ ਹੇਠ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ। ਅਦਾਲਤ ਨੇ ਜਿਨਾਹ ਅਤੇ ਉਸ ਦੀ ਭੈਣ ਦੇ ਬੈਂਕ ਖਾਤਿਆਂ ਵਿੱਚ ਸ਼ੇਅਰਾਂ, ਗਹਿਣਿਆਂ, ਵਾਹਨਾਂ ਅਤੇ ਪੈਸਿਆਂ ਸਮੇਤ ਜਾਇਦਾਦਾਂ ਨਾਲ ਸਬੰਧਤ 50 ਸਾਲ ਪੁਰਾਣੇ ਕੇਸ ਦੀ ਸੁਣਵਾਈ ਦੌਰਾਨ ਇਹ ਹੁਕਮ ਦਿੱਤਾ ਸੀ। ਪਾਕਿਸਤਾਨ ਦੀ ਸਥਾਪਨਾ ਤੋਂ ਇੱਕ ਸਾਲ ਬਾਅਦ ਸਤੰਬਰ 1948 ਵਿੱਚ ਜਿਨਾਹ ਦੀ ਮੌਤ ਹੋ ਗਈ।

ਇਸ ਤੋਂ ਪਹਿਲਾਂ ਇਮਰਾਨ ਖਾਨ ਸਰਕਾਰ ਨੂੰ ਲਗਾਤਾਰ ਘੇਰ ਰਹੇ ਬਲੋਚ ਬਾਗੀਆਂ ਨੇ ਬੀਤੇ ਦਿਨੀਂ ਮੁਹੰਮਦ ਅਲੀ ਜਿਨਾਹ ਦੇ ਬੁੱਤ ਨੂੰ ਉਡਾ ਦਿੱਤਾ ਸੀ। ਇਹ ਹਮਲਾ ਪਾਕਿਸਤਾਨ ਦੇ ਗਵਾਦਰ ਸ਼ਹਿਰ ਵਿੱਚ ਹੋਇਆ, ਜਿੱਥੇ ਚੀਨ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ ਦੇ ਤਹਿਤ ਅਰਬਾਂ ਡਾਲਰ ਦਾ ਨਿਵੇਸ਼ ਕਰ ਰਿਹਾ ਹੈ। ਪਾਬੰਦੀਸ਼ੁਦਾ ਬਲੋਚ ਲਿਬਰੇਸ਼ਨ ਫਰੰਟ ਨੇ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ। ਪਾਕਿਸਤਾਨੀ ਅਖਬਾਰ ਡਾਨ ਦੀ ਰਿਪੋਰਟ ਮੁਤਾਬਕ ਜਿਨਾਹ ਦੀ ਇਹ ਬੁੱਤ ਇਸ ਸਾਲ ਦੇ ਸ਼ੁਰੂ 'ਚ ਮਰੀਨ ਡਰਾਈਵ ਇਲਾਕੇ 'ਚ ਸਥਾਪਿਤ ਕੀਤਾ ਗਿਆ ਸੀ, ਜਿਸ ਨੂੰ ਸੁਰੱਖਿਅਤ ਖੇਤਰ ਮੰਨਿਆ ਜਾਂਦਾ ਹੈ।


author

Vandana

Content Editor

Related News