ਸ਼੍ਰੀਲੰਕਾ : ਰਿਮਾਂਡ ''ਤੇ ਲਏ ਵਿਰੋਧੀ ਧਿਰ ਦੇ ਨੇਤਾ ਨਮਲ ਰਾਜਪਕਸ਼ੇ ਲਈ ਜੇਲ੍ਹ ''ਚ ਵਿਸ਼ੇਸ਼ ਪ੍ਰਬੰਧ
Monday, Sep 07, 2026 - 04:07 PM (IST)
ਕੋਲੰਬੋ (ਭਾਸ਼ਾ): ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਵੱਡੇ ਪੁੱਤਰ ਅਤੇ ਸੰਸਦ ਵਿੱਚ ਵਿਰੋਧੀ ਧਿਰ ਦੇ ਪ੍ਰਮੁੱਖ ਨੇਤਾ ਨਮਲ ਰਾਜਪਕਸ਼ੇ ਨੂੰ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਹੇਠ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਪਿਛਲੇ ਹਫ਼ਤੇ ਰਿਮਾਂਡ 'ਤੇ ਭੇਜੇ ਜਾਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਲਈ ਕੁਝ ਵਿਸ਼ੇਸ਼ ਪ੍ਰਬੰਧ ਕੀਤੇ ਹਨ, ਜਿਸ ਤਹਿਤ ਉਨ੍ਹਾਂ ਨੂੰ ਜੇਲ੍ਹ ਵਿੱਚ ਘਰ ਦਾ ਬਣਿਆ ਖਾਣਾ ਖਾਣ ਦੀ ਇਜਾਜ਼ਤ ਦਿੱਤੀ ਗਈ ਹੈ।
ਜੇਲ੍ਹ ਦੇ ਬੁਲਾਰੇ ਸੇਨਕਾ ਪੱਲੇਵੱਤਾ ਨੇ ਸੋਮਵਾਰ ਨੂੰ ਦੱਸਿਆ ਕਿ ਕੋਲੰਬੋ ਰਿਮਾਂਡ ਜੇਲ੍ਹ ਵਿੱਚ ਨਾਮਲ ਰਾਜਪਕਸ਼ੇ (40) ਦੀ ਕੋਠੜੀ ਦੇ ਆਲੇ-ਦੁਆਲੇ ਸੁਰੱਖਿਆ ਬੇਹੱਦ ਸਖ਼ਤ ਕਰ ਦਿੱਤੀ ਗਈ ਹੈ। ਨਿਯਮਾਂ ਅਨੁਸਾਰ ਉਨ੍ਹਾਂ ਦੀ ਰੋਜ਼ਾਨਾ ਦੀ ਜੇਲ੍ਹ ਪ੍ਰਕਿਰਿਆ ਆਮ ਹੀ ਰਹੇਗੀ, ਪਰ ਉਨ੍ਹਾਂ ਦੀ ਮੰਗ 'ਤੇ ਘਰ ਦਾ ਬਣਿਆ ਖਾਣਾ ਖਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਅਤੇ ਰੋਜ਼ਾਨਾ ਸਿਰਫ਼ ਤਿੰਨ ਮੁਲਾਕਾਤੀਆਂ ਨੂੰ ਹੀ ਉਨ੍ਹਾਂ ਨਾਲ ਮਿਲਣ ਦੀ ਇਜਾਜ਼ਤ ਹੈ। ਨਮਲ ਦੇ ਪਿਤਾ ਮਹਿੰਦਾ ਰਾਜਪਕਸ਼ੇ ਨੇ ਸ਼ਨੀਵਾਰ ਨੂੰ ਅਤੇ ਉਨ੍ਹਾਂ ਦੀ ਮਾਤਾ ਸ਼ਿਰਾਂਥੀ ਰਾਜਪਕਸ਼ੇ ਨੇ ਸੋਮਵਾਰ ਨੂੰ ਜੇਲ੍ਹ ਵਿੱਚ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ- 'Bye bye Kharg' : ਟਰੰਪ ਨੇ ਈਰਾਨ ਦੇ ਤੇਲ ਕੇਂਦਰ ਨੂੰ ਬਣਾਇਆ ਨਿਸ਼ਾਨਾ, ਨਕਸ਼ੇ 'ਤੇ ਲਗਾਈ ਆਪਣੀ ਤਸਵੀਰ
ਨਮਲ ਰਾਜਪਕਸ਼ੇ (40) ਨੂੰ 4 ਸਤੰਬਰ ਨੂੰ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰਨ ਵਾਲੇ ਕਮਿਸ਼ਨ (CIABOC) ਵੱਲੋਂ ਪੰਜ ਘੰਟੇ ਦੀ ਲੰਬੀ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕੋਲੰਬੋ ਦੇ ਮੈਜਿਸਟਰੇਟ ਨੇ ਉਨ੍ਹਾਂ ਨੂੰ 18 ਸਤੰਬਰ ਤੱਕ ਰਿਮਾਂਡ 'ਤੇ ਭੇਜ ਦਿੱਤਾ ਹੈ। ਉਨ੍ਹਾਂ 'ਤੇ ਆਪਣੇ ਪਿਤਾ ਦੇ ਰਾਸ਼ਟਰਪਤੀ ਕਾਲ ਦੌਰਾਨ 'ਸ਼੍ਰੀਲੰਕਨ ਏਅਰਲਾਈਨਜ਼' ਲਈ ਵੱਡੇ ਏਅਰਬੱਸ ਜਹਾਜ਼ਾਂ ਦੀ ਖਰੀਦ ਦੇ ਸਬੰਧ ਵਿੱਚ ਲਗਭਗ 8,00,000 ਅਮਰੀਕੀ ਡਾਲਰ ਦੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਸ਼ਾਮਲ ਹੋਣ ਦਾ ਗੰਭੀਰ ਦੋਸ਼ ਹੈ।
ਨੈਸ਼ਨਲ ਪੀਪਲਜ਼ ਪਾਵਰ (NPP) ਦੀ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਪਿਛਲੇ ਦੋ ਸਾਲਾਂ ਵਿੱਚ ਰਾਜਪਕਸ਼ੇ ਪਰਿਵਾਰ ਦੇ ਕਿਸੇ ਮੈਂਬਰ ਦੀ ਇਹ ਪਹਿਲੀ ਗ੍ਰਿਫ਼ਤਾਰੀ ਹੈ। ਹਾਲਾਂਕਿ ਪਰਿਵਾਰ ਦੇ ਹੋਰਨਾਂ ਮੈਂਬਰਾਂ 'ਤੇ ਵੀ ਕਈ ਦੋਸ਼ ਲੱਗੇ ਹਨ। ਨਮਲ ਦੇ ਚਚੇਰੇ ਭਰਾ ਸ਼ਸ਼ਿੰਦਰਾ ਰਾਜਪਕਸ਼ੇ ਨੂੰ ਵੀ ਇਸ ਤੋਂ ਪਹਿਲਾਂ ਰਿਮਾਂਡ 'ਤੇ ਲਿਆ ਗਿਆ ਸੀ, ਜੋ ਫਿਲਹਾਲ ਜ਼ਮਾਨਤ 'ਤੇ ਬਾਹਰ ਹਨ।
ਨਮਲ ਰਾਜਪਕਸ਼ੇ ਦੀ ਪਾਰਟੀ 'ਸ਼੍ਰੀਲੰਕਾ ਪੋਦੁਜਾਨਾ ਪੇਰਾਮੁਨਾ' (SLPP) ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਪਾਰਟੀ ਅਨੁਸਾਰ ਉਹ 12 ਸਤੰਬਰ ਨੂੰ ਅਨੁਰਾਧਾਪੁਰਾ ਵਿੱਚ ਇੱਕ ਵੱਡੀ ਸਰਕਾਰ ਵਿਰੋਧੀ ਰੈਲੀ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਸਰਕਾਰ ਇਸ ਰੈਲੀ ਨੂੰ ਅਸਫਲ ਕਰਨ ਅਤੇ ਵਿਰੋਧੀ ਧਿਰ ਦੀ ਮੁਹਿੰਮ ਨੂੰ ਕਮਜ਼ੋਰ ਕਰਨ ਲਈ ਨਾਮਲ ਨੂੰ ਨਿਸ਼ਾਨਾ ਬਣਾ ਰਹੀ ਹੈ।ਇਸ ਦੇ ਨਾਲ ਹੀ ਪਾਰਟੀ ਨੇ ਮੁੱਖ ਵਿਰੋਧੀ ਵ੍ਹਿਪ ਗਯੰਥਾ ਕਰੁਣਾਥਿਲੇਕਾ ਰਾਹੀਂ ਸਪੀਕਰ ਜਗਤ ਵਿਕਰਮਾਰਤਨੇ ਨੂੰ ਅਪੀਲ ਕੀਤੀ ਹੈ ਕਿ ਨਾਮਲ ਨੂੰ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਚਾਰ ਦਿਨਾਂ ਸੈਸ਼ਨ ਵਿੱਚ ਹਿੱਸਾ ਲੈਣ ਲਈ ਜੇਲ੍ਹ ਅਧਿਕਾਰੀਆਂ ਦੀ ਨਿਗਰਾਨੀ ਹੇਠ ਸੰਸਦ ਵਿੱਚ ਲਿਆਂਦਾ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
