ਪਾਕਿਸਤਾਨ ''ਚ ਭੜਕੀ ਵਿਰੋਧ ਦੀ ਚੰਗਿਆੜੀ, 5 ਚੋਟੀ ਦੇ ਨੇਤਾ ਹਿਰਾਸਤ ''ਚ

08/25/2016 8:51:16 AM

ਇਸਲਾਮਾਬਾਦ— ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ (ਪੀ. ਓ. ਕੇ.) ਤੋਂ ਬਾਅਦ ਹੁਣ ਪਾਕਿਸਤਾਨ ਵਿਚ ਵੀ ਵਿਰੋਧ ਦੀ ਚੰਗਿਆੜੀ ਭੜਕ ਉੱਠੀ ਹੈ। ਇਥੋਂ ਦੀ ਪ੍ਰਮੁੱਖ ਸਿਆਸੀ ਪਾਰਟੀ ਮੁਤਾਹਿਦਾ ਕੌਮੀ ਮੂਵਮੈਂਟ (ਐੱਮ. ਕਿਊ. ਐੱਮ.) ਦੇ ਮੁਖੀ ਅਲਤਾਫ ਹੁਸੈਨ ਨੇ ਆਪਣੇ ਭਾਸ਼ਣ ਵਿਚ ਦੇਸ਼ ਵਿਰੋਧੀ ਨਾਅਰੇਬਾਜ਼ੀ ਕੀਤੀ। ਕਰਾਚੀ ਵਿਚ ਪਾਕਿਸਤਾਨ ਦੀ ਬਰਬਾਦੀ ਦੇ ਨਾਅਰੇ ਲੱਗਣ ਨਾਲ ਹਾਲਾਤ ਖਿਚਾਅ ਭਰਪੂਰ ਬਣ ਗਏ ਹਨ।

ਹੁਸੈਨ ਨੇ ਇਕ ਰੈਲੀ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕੀਤਾ। ਇਸ ਦੌਰਾਨ ਉਹ ਪਾਕਿਸਤਾਨ ਵਲੋਂ ਪੈਦਾ ਕੀਤੇ ਗਏ ਅੱਤਵਾਦ ਵਿਰੁੱਧ ਖੁੱਲ੍ਹ ਕੇ ਬੋਲੇ। ਉਨ੍ਹਾਂ ਆਪਣੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਤਵਾਦ ਕਾਰਨ ਪਾਕਿਸਤਾਨ ਪੂਰੀ ਦੁਨੀਆ ਲਈ ਨਾਸੂਰ ਹੈ। ਇਸ ਦਾ ਖਾਤਮਾ ਇਕ ਇਬਾਦਤ ਹੋਵੇਗੀ। ਅਲਤਾਫ ਹੁਸੈਨ ਨੇ ਕਥਿਤ ਤੌਰ ''ਤੇ ਆਪਣੇ ਵਰਕਰਾਂ ਨੂੰ ਮੀਡੀਆ ''ਤੇ ਹਮਲੇ ਕਰਨ ਲਈ ਉਕਸਾਇਆ।
ਹੁਸੈਨ ਨੇ ਕਿਹਾ ਕਿ ਸਭ ਲੋਕ ਰਾਜੀ ਦੇਸ਼ਾਂ ਨੂੰ ਪਾਕਿਸਤਾਨੀ ਫੌਜ ਦੀਆਂ ਵਧੀਕੀਆਂ ''ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫੌਜ ਨੇ ਉਨ੍ਹਾਂ ਦੇ ਹਜ਼ਾਰਾਂ ਵਰਕਰਾਂ ਨੂੰ ਕਤਲ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਓਬਮਾ ਪ੍ਰਸ਼ਾਸਨ ਨੂੰ ਕਰਾਚੀ ਵਿਚ ਨਿਗਰਾਨੀ ਲਈ ਦਰਸ਼ਕਾਂ ਦੀ ਇਕ ਟੀਮ ਭੇਜਣੀ ਚਾਹੀਦੀ ਹੈ, ਜਿੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਿਖਰਾਂ ''ਤੇ ਹੈ।
ਇਸ ਦੌਰਾਨ ਪਾਕਿਸਤਾਨ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਅਲਤਾਫ ਹੁਸੈਨ ਦੇ ਭਾਸ਼ਣ ਦੀ ਤਿੱਖੇ ਸ਼ਬਦਾਂ ''ਚ ਨਿਖੇਧੀ ਕੀਤੀ ਹੈ। ਫੌਜ ਦੇ ਇਕ ਟੀ. ਵੀ. ਚੈਨਲ ਦੇ ਦਫਤਰ ''ਤੇ ਹਮਲਾ ਕਰਨ ਦੇ ਦੋਸ਼ ਹੇਠ ਐੱਮ. ਕਿਊ ਐੱਮ. ਦੇ ਹੈੱਡਕੁਆਰਟਰ ਨੂੰ ਸੀਲ ਕਰਕੇ ਉਸ ਦੇ 5 ਚੋਟੀ ਦੇ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ। 
ਐੱਮ. ਕਿਊ. ਐੱਮ. ਦੇ ਨੇਤਾ ਹੁਸੈਨ ਨੇ ਪਾਰਟੀ ਵਰਕਰਾਂ ਦੀ  ਭੁੱਖ-ਹੜਤਾਲ ਬਾਰੇ ਰਿਪੋਰਟ ਨਾ ਦੇਣ ''ਤੇ ਪਾਕਿਸਤਾਨੀ ਮੀਡੀਆ ਦੀ ਨਿਖੇਧੀ ਕੀਤੀ ਸੀ, ਜਿਸ ਪਿੱਛੋਂ ਉਨ੍ਹਾਂ ਦੇ ਹਮਾਇਤੀਆਂ ਨੇ ਏ. ਆਰ. ਵਾਈ. ਨਿਊਜ਼ ਦੇ ਦਫਤਰ ਦਾਖਲ ਹੋ ਕੇ ਤੋੜ-ਭੰਨ ਕੀਤੀ ਅਤੇ ਗੋਲੀਆਂ ਚਲਾਈਆਂ। ਬਾਅਦ ਵਿਚ ਉਨ੍ਹਾਂ ਦੀ ਪੁਲਸ ਨਾਲ ਝੜਪ ਵੀ ਹੋਈ, ਜਿਸ ਦੌਰਾਨ ਇਕ ਵਿਅਕਤੀ ਮਾਰਿਆ ਗਿਆ ਤੇ ਕਈ ਹੋਰ ਜ਼ਖਮੀ ਹੋ ਗਏ।
ਪਾਕਿ ਨੇ ਕਸ਼ਮੀਰ ''ਚ ''ਮਨੁੱਖੀ ਅਧਿਕਾਰਾਂ ਦੇ ਉਲੰਘਣ'' ਬਾਰੇ ਚੀਨ ਨੂੰ ਦਿੱਤੀ ਜਾਣਕਾਰੀ
ਪਾਕਿ ਨੇ ਕਸ਼ਮੀਰ ਵਿਚ ''ਮਨੁੱਖੀ ਅਧਿਕਾਰਾਂ ਦੀ ਉਲੰਘਣਾ'' ਬਾਰੇ ਚੀਨ ਨੂੰ ਜਾਣਕਾਰੀ ਦਿੱਤੀ ਹੈ। ਇਸ ਤਰ੍ਹਾਂ ਉਹ ਕਸ਼ਮੀਰ ਮੁੱਦੇ ਦਾ ਕੌਮਾਂਤਰੀਕਰਨ ਕਰਨ ਦੇ ਆਪਣੇ ਯਤਨਾਂ ਨੂੰ ਜਾਰੀ ਰੱਖ ਰਿਹਾ ਹੈ। 
ਚੀਨ ਦੇ 2 ਦਿਨਾ ਦੌਰੇ ''ਤੇ ਪਹੁੰਚੇ ਪਾਕਿਸਤਾਨ ਦੇ ਵਿਦੇਸ਼ ਸਕੱਤਰ ਏਜਾਜ਼ ਅਹਿਮਦ ਚੌਧਰੀ ਨੇ ਦੋਪਾਸੜ ਰਣਨੀਤਕ ਗੱਲਬਾਤ ਦੌਰਾਨ ਚੀਨ ਦੇ ਵਿਦੇਸ਼ ਮੰਤਰੀ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ। ਪਾਕਿਸਤਾਨ ਅਤੇ ਚੀਨ ਦਰਮਿਆਨ ਰਣਨੀਤਕ ਗੱਲਬਾਤ ਦਾ ਸੱਤਵਾਂ ਦੌਰ ਬੀਜਿੰਗ ਵਿਖੇ ਹੋਇਆ, ਜਿਸ ਵਿਚ ਏਜਾਜ਼ ਅਹਿਮਦ ਨੇ ਪਾਕਿਸਤਾਨੀ ਵਫਦ ਦੀ ਅਗਵਾਈ ਕੀਤੀ। 
ਚੀਨ ਦੇ ਸਹਾਇਕ ਵਿਦੇਸ਼ ਮੰਤਰੀ ਕਾਂਗ ਨੇ ਆਪਣੇ ਦੇਸ਼ ਦੀ ਅਗਵਾਈ ਕੀਤੀ। ਦੋਵਾਂ ਧਿਰਾਂ ਨੇ ਚੀਨ-ਪਾਕਿ ਆਰਥਿਕ ਗਲਿਆਰੇ ਸਮੇਤ ਕਈ ਦੋਪਾਸੜ ਮੁੱਦਿਆਂ ''ਤੇ ਚਰਚਾ ਕੀਤੀ।
ਮੋਦੀ ਖਿਲਾਫ ਮਤਾ ਪਾਸ
ਪਾਕਿ ਦੇ ਪੰਜਾਬ ਸੂਬੇ ਦੀ ਵਿਧਾਨ ਸਭਾ ਨੇ ਬਲੋਚਿਸਤਾਨ ਅਤੇ ਗਿਲਗਿਤ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿੱਪਣੀ ਦੀ ਆਲੋਚਨਾ ਕਰਦਿਆਂ ਮੰਗਲਵਾਰ ਇਕ ਮਤਾ ਪਾਸ ਕੀਤਾ ਅਤੇ ਫੈਡਰਲ ਸਰਕਾਰ ਨੂੰ ਇਸ ਮੁੱਦੇ ਨੂੰ ਯੂ. ਐੱਨ. ਸਮੇਤ ਹੋਰਨਾਂ ਕੌਮਾਂਤਰੀ  ਸਟੇਜਾਂ ''ਤੇ ਉਠਾਉਣ ਲਈ ਕਿਹਾ।
ਪੰਜਾਬ ਦੇ ਕਾਨੂੰਨ ਮੰਤਰੀ ਰਾਣਾ ਸਨਾਉਲਾ ਵੱਲੋਂ ਹਾਊਸ ''ਚ ਰੱਖੇ ਮਤੇ ਨੂੰ ਆਮ ਸਹਿਮਤੀ ਨਾਲ ਪ੍ਰਵਾਨ ਕੀਤਾ ਗਿਆ। ਮਤੇ ਵਿਚ ਕਿਹਾ ਗਿਆ ਹੈ ਕਿ ਇਹ ਹਾਊਸ ਬਲੋਚਿਸਤਾਨ ਬਾਰੇ ਮੋਦੀ ਦੇ ਬਿਆਨ ਦੀ ਤਿੱਖੇ ਸ਼ਬਦਾਂ ਵਿਚ ਆਲੋਚਨਾ ਕਰਦਾ ਹੈ ਅਤੇ ਇਸ ਨੂੰ ਪਾਕਿ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਸਮਝਦਾ ਹੈ।  ਸੂਬਾਈ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਹਿਮੂਦਰ ਰਸ਼ੀਦ ਨੇ ਦੋਸ਼ ਲਾਇਆ ਕਿ ਮੋਦੀ ਦਾ ਬਿਆਨ ਦੂਜੇ ਦੇਸ਼ਾਂ ਦੇ ਮਾਮਲਿਆਂ ''ਚ ਅਸਹਿਣਸ਼ੀਲਤਾ ਅਤੇ ਦਖਲਅੰਦਾਜ਼ੀ ਦੀ ਉਨ੍ਹਾਂ ਦੀ ਨੀਤੀ ਨੂੰ ਦਰਸਾਉਂਦਾ ਹੈ।

Related News