ਸੋਵੀਅਤ ਯੁੱਗ ਦਾ ਪੁਲਾੜ ਵਾਹਨ 53 ਸਾਲ ਤਕ ਆਰਬਿਟ ’ਚ ਫਸਿਆ ਰਹਿਣ ਪਿੱਛੋਂ ਧਰਤੀ ’ਤੇ ਡਿੱਗਿਆ

Sunday, May 11, 2025 - 02:54 AM (IST)

ਸੋਵੀਅਤ ਯੁੱਗ ਦਾ ਪੁਲਾੜ ਵਾਹਨ 53 ਸਾਲ ਤਕ ਆਰਬਿਟ ’ਚ ਫਸਿਆ ਰਹਿਣ ਪਿੱਛੋਂ ਧਰਤੀ ’ਤੇ ਡਿੱਗਿਆ

ਕੇਪ ਕੇਨਵਰਲ – ਸ਼ੁੱਕਰ ਗ੍ਰਹਿ ’ਤੇ ਆਪਣੀ ਅਸਫਲ ਲਾਂਚਿੰਗ ਦੇ 53 ਸਾਲ ਤੋਂ ਵੱਧ ਸਮੇਂ ਬਾਅਦ ਸੋਵੀਅਤ ਯੁੱਗ ਦਾ ਇਕ ਪੁਲਾੜ ਵਾਹਨ ਸ਼ਨੀਵਾਰ ਨੂੰ ਧਰਤੀ ’ਤੇ ਡਿੱਗ ਪਿਆ। ਯੂਰਪੀ ਸੰਘ ਦੀ ਪੁਲਾੜ ਨਿਗਰਾਨੀ ਏਜੰਸੀ ਨੇ ਇਸ ਦੇ ਬੇਕਾਬੂ ਹੋ ਕੇ ਡਿੱਗਣ ਦੀ ਪੁਸ਼ਟੀ ਕੀਤੀ ਹੈ। ਏਜੰਸੀ ਦੇ ਪੁਲਾੜ ਮਲਬੇ ਨਾਲ ਸਬੰਧਤ ਦਫਤਰ ਨੇ ਵੀ ਸੰਕੇਤ ਦਿੱਤਾ ਹੈ ਕਿ ਜਰਮਨ ਰਾਡਾਰ ਸਟੇਸ਼ਨ ’ਤੇ ਦਿਖਾਈ ਨਾ ਦੇਣ ਤੋਂ ਬਾਅਦ ਪੁਲਾੜ ਵਾਹਨ ਧਰਤੀ ਦੇ ਵਾਯੂਮੰਡਲ ਵਿਚ ਮੁੜ ਦਾਖਲ ਹੋ ਗਿਆ। ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਕਿ ਪੁਲਾੜ ਵਾਹਨ ਵਾਯੂਮੰਡਲ ਵਿਚ ਕਿੱਥੋਂ ਦਾਖਲ ਹੋਇਆ। ਵਿਗਿਆਨੀਆਂ ਨੇ ਕਿਹਾ ਕਿ ਪੁਲਾੜ ਵਾਹਨ ਦੇ ਮਲਬੇ ਨਾਲ ਕਿਸੇ ਦੇ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।

ਸਾਲ 1972 ’ਚ ਸੋਵੀਅਤ ਸੰਘ ਵੱਲੋਂ ਲਾਂਚ ਕੀਤਾ ਗਿਆ ‘ਕੋਸਮੋਸ 482’ ਨਾਂ ਦਾ ਪੁਲਾੜ ਵਾਹਨ ਸ਼ੁੱਕਰ ਗ੍ਰਹਿ ਲਈ ਭੇਜੇ ਗਏ ਮਿਸ਼ਨ ਦੀ ਲੜੀ ਦਾ ਹਿੱਸਾ ਸੀ ਪਰ ਇਹ ਕਦੇ ਵੀ ਧਰਤੀ ਦੇ ਆਰਬਿਟ ’ਚੋਂ ਬਾਹਰ ਨਹੀਂ ਨਿਕਲ ਸਕਿਆ ਅਤੇ ਰਾਕੇਟ ਦੀ ਖਰਾਬੀ ਕਾਰਨ ਉੱਥੇ ਹੀ ਫਸ ਗਿਆ। ਅਸਫਲ ਲਾਂਚਿੰਗ ਦੇ ਇਕ ਦਹਾਕੇ ਦੇ ਅੰਦਰ ਹੀ ਜ਼ਿਆਦਾਤਰ ਪੁਲਾੜ ਵਾਹਨ ਧਰਤੀ ’ਤੇ ਡਿੱਗ ਪਏ ਪਰ ‘ਕੋਸਮੋਸ 482’ ਨੂੰ ਇਸ ਵਿਚ 53 ਸਾਲ ਲੱਗ ਗਏ। ਮਾਹਿਰਾਂ ਅਨੁਸਾਰ ‘ਲੈਂਡਰ’ ਟਾਈਟੇਨੀਅਮ ਨਾਲ ਬਣਿਆ ਸੀ ਅਤੇ ਇਸ ਦਾ ਭਾਰ 495 ਕਿੱਲੋ ਤੋਂ ਵੱਧ ਸੀ।


author

Inder Prajapati

Content Editor

Related News