ਦੱਖਣੀ ਕੋਰੀਆ ''ਚ ਜਾਂਚ ਯੂਨਿਟ ਨੇ ਰਾਸ਼ਟਰਪਤੀ ਸੁਰੱਖਿਆ ਮੁਖੀ ਨੂੰ ਕੀਤਾ ਤਲਬ

Friday, Jan 03, 2025 - 05:03 PM (IST)

ਦੱਖਣੀ ਕੋਰੀਆ ''ਚ ਜਾਂਚ ਯੂਨਿਟ ਨੇ ਰਾਸ਼ਟਰਪਤੀ ਸੁਰੱਖਿਆ ਮੁਖੀ ਨੂੰ ਕੀਤਾ ਤਲਬ

ਸਿਓਲ (ਏਜੰਸੀ)- ਦੱਖਣੀ ਕੋਰੀਆ ਦੀ ਸੰਯੁਕਤ ਜਾਂਚ ਇਕਾਈ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਯੂਨ ਸੁਕ-ਯਿਓਲ ਦੀ ਗ੍ਰਿਫਤਾਰੀ ਵਿਚ ਰੁਕਾਵਟ ਪਾਉਣ ਲਈ ਰਾਸ਼ਟਰਪਤੀ ਸੁਰੱਖਿਆ ਸੇਵਾ ਦੇ ਮੁਖੀ ਨੂੰ ਤਲਬ ਕੀਤਾ। ਉੱਚ ਪੱਧਰੀ ਅਧਿਕਾਰੀਆਂ ਲਈ ਭ੍ਰਿਸ਼ਟਾਚਾਰ ਜਾਂਚ ਦਫਤਰ (ਸੀ.ਆਈ.ਓ.), ਰਾਸ਼ਟਰੀ ਜਾਂਚ ਦਫਤਰ (ਐੱਨ.ਓ.ਆਈ.) ਅਤੇ ਰੱਖਿਆ ਮੰਤਰਾਲਾ ਦੇ ਜਾਂਚ ਹੈੱਡਕੁਆਰਟਰ ਤੋਂ ਬਣੀ ਜਾਂਚ ਯੂਨਿਟ ਦੇ ਇੱਕ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਯੂਨਿਟ ਨੇ ਰਾਸ਼ਟਰਪਤੀ ਸੁਰੱਖਿਆ ਸੇਵਾ ਦੇ ਮੁਖੀ ਅਤੇ ਉਪ ਮੁਖੀ ਨੂੰ ਸ਼ਨੀਵਾਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ।

ਅਧਿਕਾਰੀ ਨੇ ਕਿਹਾ ਕਿ ਰਾਸ਼ਟਰਪਤੀ ਸੁਰੱਖਿਆ ਮੁਖੀ ਅਤੇ ਉਪ ਮੁਖੀ 'ਤੇ ਯਿਓਲ ਦੀ ਗ੍ਰਿਫਤਾਰੀ ਦੇ ਵਾਰੰਟ ਨੂੰ ਲਾਗੂ ਕਰਨ ਵਿੱਚ ਰੁਕਾਵਟ ਪਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਯਿਓਲ ਖਿਲਾਫ ਰਾਜਧਾਨੀ ਸਿਓਲ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਵਾਰੰਟ ਜਾਰੀ ਕੀਤਾ ਸੀ। ਸੀ.ਆਈ.ਓ. ਜਾਂਚਕਰਤਾਵਾਂ ਅਤੇ ਪੁਲਸ ਅਧਿਕਾਰੀਆਂ ਦੇ ਇੱਕ ਸਮੂਹ ਨੇ ਪਹਿਲਾਂ ਰਾਜਧਾਨੀ ਦੇ ਮੱਧ ਵਿੱਚ ਸਥਿਤ ਰਾਸ਼ਟਰਪਤੀ ਨਿਵਾਸ ਵਿਖੇ ਯਿਓਲ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਲਗਭਗ ਸਾਢੇ 5 ਘੰਟੇ ਤੱਕ ਸੈਂਕੜੇ ਸੁਰੱਖਿਆ ਸੇਵਾ ਏਜੰਟਾਂ ਅਤੇ ਜਵਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਯਿਓਲ ਨੂੰ ਜਾਂਚ ਏਜੰਸੀਆਂ ਨੇ ਬਗਾਵਤ ਦੇ ਸ਼ੱਕ ਵਿਚ ਇਕ ਮਾਸਟਰਮਾਈਂਡ ਵਜੋਂ ਨਾਮਜ਼ਦ ਕੀਤਾ ਹੈ। ਉਨ੍ਹਾਂ ਨੇ ਪਿਛਲੇ ਸਾਲ 03 ਦਸੰਬਰ ਦੀ ਰਾਤ ਨੂੰ ਮਾਰਸ਼ਲ ਲਾਅ ਦਾ ਐਲਾਨ ਕੀਤਾ ਸੀ, ਪਰ ਨੈਸ਼ਨਲ ਅਸੈਂਬਲੀ ਨੇ ਕੁਝ ਘੰਟਿਆਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਸੀ। 14 ਦਸੰਬਰ ਨੂੰ ਨੈਸ਼ਨਲ ਅਸੈਂਬਲੀ ਵੱਲੋਂ ਯਿਓਲ ਖਿਲਾਫ ਮਹਾਦੋਸ਼ ਪ੍ਰਸਤਾਵ ਪਾਸ ਕੀਤਾ ਗਿਆ ਸੀ ਅਤੇ ਇਸ ਨੂੰ 180 ਦਿਨਾਂ ਲਈ ਵਿਚਾਰ-ਵਟਾਂਦਰਾ ਕਰਨ ਲਈ ਸੰਵਿਧਾਨਕ ਅਦਾਲਤ ਨੂੰ ਸੌਂਪਿਆ ਗਿਆ ਸੀ। ਇਸ ਸਮੇਂ ਦੌਰਾਨ ਯਿਓਲ ਦੇ ਅਧਿਕਾਰਾਂ ਨੂੰ ਸੀਮਤ ਕਰ ਦਿੱਤਾ ਗਿਆ ਸੀ।


author

cherry

Content Editor

Related News