ਸਾਊਥ ਡਕੋਟਾ ''ਚ ਮੋਟਰਸਾਈਕਲ ਰੈਲੀ ਕਾਰਨ ਕੋਰੋਨਾ ਕੇਸਾਂ ''ਚ ਹੋਇਆ ਭਾਰੀ ਵਾਧਾ
Friday, Aug 27, 2021 - 08:55 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਸਾਊਥ ਡਕੋਟਾ ਦੀ ਮੀਡੇ ਕਾਉਂਟੀ ਵਿੱਚ ਇਸ ਮਹੀਨੇ ਹੋਈ ਸਟਰਗਿਸ ਮੋਟਰਸਾਈਕਲ ਰੈਲੀ ਤੋਂ ਬਾਅਦ ਰੋਜ਼ਾਨਾ ਦੇ ਕੋਵਿਡ -19 ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਡੈਲਟਾ ਵੇਰੀਐਂਟ ਦੀ ਵਧ ਰਹੀ ਲਾਗ ਦੇ ਦੌਰਾਨ ਹਜ਼ਾਰਾਂ ਬਾਈਕ ਸਵਾਰਾਂ ਨੇ 6 ਤੋਂ 15 ਅਗਸਤ ਤੱਕ ਇਸ ਰੈਲੀ ਵਿੱਚ ਭਾਗ ਲਿਆ ਸੀ। ਇਸ ਰੈਲੀ ਦੀ ਸ਼ੁਰੂਆਤ ਤੋਂ ਪਹਿਲਾਂ 4 ਅਗਸਤ ਨੂੰ ਇਸ ਸੂਬੇ ਨੇ 657 ਐਕਟਿਵ ਕੋਰੋਨਾ ਮਾਮਲਿਆਂ ਦੀ ਰਿਪੋਰਟ ਕੀਤੀ ਸੀ ਜਦਕਿ 25 ਅਗਸਤ ਨੂੰ, ਸਟੇਟ ਵਿੱਚ 3,655 ਕੋਰੋਨਾ ਮਾਮਲੇ ਸਾਹਮਣੇ ਆਏ। ਸਿਹਤ ਵਿਭਾਗ ਦੇ ਅਨੁਸਾਰ, ਰੈਲੀ ਸ਼ੁਰੂ ਹੋਣ ਤੋਂ ਦੋ ਹਫਤਿਆਂ ਬਾਅਦ ਐਕਟਿਵ ਕੋਰੋਨਾ ਮਾਮਲਿਆਂ ਵਿੱਚ 456% ਦਾ ਵਾਧਾ ਹੋਇਆ ਹੈ। ਸਿਹਤ ਵਿਭਾਗ ਅਨੁਸਾਰ ਰੋਜ਼ਾਨਾ ਦੇ ਕੇਸਾਂ ਦੀ ਦਰ ਵੀ 6 ਅਗਸਤ ਤੋਂ ਵੱਧ ਕੇ 486% ਹੋ ਗਈ , ਜਦੋਂ ਇੱਕ ਦਿਨ 'ਚ 80 ਨਵੇਂ ਮਾਮਲੇ ਸਾਹਮਣੇ ਆਏ ਜਦਕਿ 23 ਅਗਸਤ ਨੂੰ 469 ਮਾਮਲੇ ਦਰਜ ਕੀਤੇ ਗਏ। ਸਟਰਗਿਸ ਰੈਲੀ ਵਿੱਚ, ਕੋਰੋਨਾ ਟੀਕਿਆਂ ਦੀ ਜ਼ਰੂਰਤ ਨਹੀਂ ਸੀ ਅਤੇ ਇਸਦੇ ਇਲਾਵਾ ਹੋਰ ਸਾਵਧਾਨੀਆਂ ਦਾ ਵੀ ਘੱਟ ਧਿਆਨ ਰੱਖਿਆ ਗਿਆ। ਇਸ ਕਰਕੇ ਵੱਡੇ ਪੱਧਰ 'ਤੇ ਵਾਇਰਸ ਦੇ ਕੇਸ ਦਰਜ ਹੋਏ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।