ਦੱਖਣੀ ਚੀਨ ਸਾਗਰ ''ਚ ਵਧਦੀਆਂ ਜਾ ਰਹੀਆਂ ਚੀਨ ਦੀਆਂ ਸਰਗਰਮੀਆਂ ! ਬੇਵਜ੍ਹਾ ਤੰਗ ਹੋ ਰਿਹਾ ਇੰਡੋਨੇਸ਼ੀਆ

Sunday, Aug 16, 2026 - 03:38 PM (IST)

ਦੱਖਣੀ ਚੀਨ ਸਾਗਰ ''ਚ ਵਧਦੀਆਂ ਜਾ ਰਹੀਆਂ ਚੀਨ ਦੀਆਂ ਸਰਗਰਮੀਆਂ ! ਬੇਵਜ੍ਹਾ ਤੰਗ ਹੋ ਰਿਹਾ ਇੰਡੋਨੇਸ਼ੀਆ

ਇੰਟਰਨੈਸ਼ਨਲ ਡੈਸਕ- ਇਰਾਨ-ਅਮਰੀਕਾ ਦੀ ਜੰਗ ਦੇ ਸ਼ਾਂਤ ਹੋਣ ਤੋਂ ਬਾਅਦ ਦੱਖਣੀ ਚੀਨ ਸਾਗਰ 'ਚ ਚੀਨ ਦੀਆਂ ਸਰਗਰਮੀਆਂ ਵਧਦੀਆਂ ਜਾ ਰਹੀਆਂ ਹਨ। ਇਸੇ ਦੌਰਾਨ ਮੀਡੀਆ ਰਿਪੋਰਟਾਂ ਮੁਤਾਬਕ ਦੱਖਣੀ ਚੀਨ ਸਾਗਰ ਵਿੱਚ ਚੀਨ ਦੇ ਵਧਦੇ ਖੇਤਰੀ ਦਾਅਵਿਆਂ ਅਤੇ 'ਨਾਇਨ-ਡੈਸ਼ ਲਾਈਨ' ਪਾਲਿਸੀ ਕਾਰਨ ਇੰਡੋਨੇਸ਼ੀਆ ਬਿਨਾਂ ਵਜ੍ਹਾ ਇਸ ਤਣਾਅ ਦਾ ਸ਼ਿਕਾਰ ਹੋ ਰਿਹਾ ਹੈ।

ਇੰਡੋਨੇਸ਼ੀਆ ਦੇ ਉੱਤਰੀ ਨਾਟੂਨਾ ਸਾਗਰ ਦੇ ਕੁਝ ਹਿੱਸਿਆਂ 'ਤੇ ਚੀਨ ਆਪਣੇ ਝੂਠੇ ਅਤੇ ਵਧਾ-ਚੜ੍ਹਾ ਕੇ ਕੀਤੇ ਇਤਿਹਾਸਕ ਦਾਅਵੇ ਪੇਸ਼ ਕਰਦਾ ਰਿਹਾ ਹੈ। ਹਾਲਾਂਕਿ ਇੰਡੋਨੇਸ਼ੀਆ ਦੱਖਣੀ ਚੀਨ ਸਾਗਰ 'ਚ ਕਿਸੇ ਖੇਤਰੀ ਦਾਅਵੇਦਾਰ ਵਜੋਂ ਖੁੱਲ੍ਹ ਕੇ ਸਾਹਮਣੇ ਨਹੀਂ ਆਉਣਾ ਚਾਹੁੰਦਾ, ਪਰ ਚੀਨੀ ਕੋਸਟ ਗਾਰਡ ਅਤੇ ਮੱਛੀ ਫੜਨ ਵਾਲੇ ਜਹਾਜ਼ਾਂ ਦੀ ਇੰਡੋਨੇਸ਼ੀਆ ਦੇ ਵਿਸ਼ੇਸ਼ ਆਰਥਿਕ ਖੇਤਰ 'ਚ ਘੁਸਪੈਠ ਲਗਾਤਾਰ ਚੁਣੌਤੀ ਬਣੀ ਹੋਈ ਹੈ।

ਚੀਨ ਦੇ ਇਨ੍ਹਾਂ ਅਧਿਕਾਰਤ ਦਾਅਵਿਆਂ ਕਾਰਨ ਨਾਟੂਨਾ ਖੇਤਰ ਵਿੱਚ ਇੰਡੋਨੇਸ਼ੀਆ ਦੇ ਕੁਦਰਤੀ ਗੈਸ ਪ੍ਰੋਜੈਕਟਾਂ ਅਤੇ ਮੱਛੀ ਪਾਲਣ ਉਦਯੋਗ 'ਤੇ ਬੁਰਾ ਅਸਰ ਪੈ ਰਿਹਾ ਹੈ। ਚੀਨ ਨਾਲ ਮਜ਼ਬੂਤ ਆਰਥਿਕ ਅਤੇ ਵਪਾਰਕ ਸਬੰਧ ਹੋਣ ਦੇ ਬਾਵਜੂਦ, ਇੰਡੋਨੇਸ਼ੀਆ ਨੂੰ ਆਪਣੀ ਸਮੁੰਦਰੀ ਸੰਪ੍ਰਭੁਤਾ ਦੀ ਰੱਖਿਆ ਲਈ ਫੌਜੀ ਅਤੇ ਕੂਟਨੀਤਕ ਤਿਆਰੀਆਂ ਵਧਾਉਣੀਆਂ ਪੈ ਰਹੀਆਂ ਹਨ।

ਮੀਡੀਆ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ 2016 ਦੇ ਹੇਗ ਸਥਿਤ ਸਥਾਈ ਵਿਚੋਲਗੀ ਅਦਾਲਤ (PCA) ਦੇ ਫੈਸਲੇ ਨੇ ਚੀਨ ਦੇ ਇਤਿਹਾਸਕ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਸੀ, ਪਰ ਚੀਨ ਅਜੇ ਵੀ UNCLOS (ਸੰਯੁਕਤ ਰਾਸ਼ਟਰ ਸਮੁੰਦਰੀ ਕਾਨੂੰਨ) ਦੇ ਨਿਯਮਾਂ ਦੀ ਉਲੰਘਣਾ ਕਰਕੇ ਗੁਆਂਢੀ ਦੇਸ਼ਾਂ ਦੀਆਂ ਜਲ-ਸਰਹੱਦਾਂ 'ਚ ਦਖਲਅੰਦਾਜ਼ੀ ਕਰ ਰਿਹਾ ਹੈ। ਮਾਹਿਰਾਂ ਅਨੁਸਾਰ, ਇੰਡੋਨੇਸ਼ੀਆ ਨੂੰ ਆਪਣੇ ਸਮੁੰਦਰੀ ਖੇਤਰ ਦੀ ਸੁਰੱਖਿਆ ਲਈ ਏਸੀਆਨ (ASEAN) ਦੇਸ਼ਾਂ ਨਾਲ ਮਿਲ ਕੇ ਇੱਕਜੁੱਟ ਕੂਟਨੀਤਕ ਰਣਨੀਤੀ ਅਪਣਾਉਣ ਦੀ ਲੋੜ ਹੈ।


author

Harpreet SIngh

Content Editor

Related News