ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਕੋਰੋਨਾ ਪਾਜ਼ੇਟਿਵ
Monday, Dec 13, 2021 - 04:01 PM (IST)
ਜੋਹਾਨਸਬਰਗ (ਭਾਸ਼ਾ)- ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਵਿਚ ਲਾਗ ਦੇ ਹਲਕੇ ਲੱਛਣ ਹਨ। ਉਨ੍ਹਾਂ ਦੇ ਦਫ਼ਤਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਸ਼ਟਰਪਤੀ ਰਾਮਾਫੋਸਾ ਅਜਿਹੇ ਦਿਨ ਪਾਜ਼ੇਟਿਵ ਪਾਏ ਗਏ ਹਨ, ਜਦੋਂ ਦੇਸ਼ ਵਿਚ ਲਾਗ ਦੇ ਰੋਜ਼ਾਨਾ ਰਿਕਾਰਡ 37,875 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਇਕ ਦਿਨ ਪਹਿਲਾਂ ਮਾਮਲਿਆਂ ਦੀ ਸੰਖਿਆ 17,154 ਸੀ। ਮੰਤਰੀ ਮੋਂਡਲੀ ਗੁੰਗੁਬੇਲੇ ਨੇ ਇਕ ਬਿਆਨ ਵਿਚ ਕਿਹਾ ਕਿ ਰਾਸ਼ਟਰਪਤੀ ਰਾਮਾਫੋਸਾ ਨੇ ਦਿਨ ਦੇ ਸ਼ੁਰੂ ਵਿਚ ਸਾਬਕਾ ਉਪ ਰਾਸ਼ਟਰਪਤੀ ਐੱਫ.ਡਬਲਯੂ. ਡੀ. ਕਲਰਕ ਦੇ ਸਨਮਾਨ ਵਿਚ ਆਯੋਜਿਤ ਇਕ ਸਮਾਗਮ ਤੋਂ ਬਾਹਰ ਨਿਕਲਣ ਦੇ ਬਾਅਦ ਬਿਮਾਰ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਠੀਕ ਹਨ ਅਤੇ ਦੱਖਣੀ ਅਫਰੀਕੀ ਰਾਸ਼ਟਰੀ ਰੱਖਿਆ ਫੋਰਸ ਦੀ ਦੱਖਣੀ ਅਫਰੀਕੀ ਸਿਹਤ ਸੇਵਾ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਦਾ ਟੀਕਾਕਰਨ ਹੋ ਚੁੱਕਾ ਹੈ ਅਤੇ ਕੇਪ ਟਾਊਨ 'ਚ ਆਈਸੋਲੇਸ਼ਨ 'ਚ ਹਨ ਅਤੇ ਅਗਲੇ ਹਫ਼ਤੇ ਤੱਕ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਪ ਰਾਸ਼ਟਰਪਤੀ ਡੇਵਿਡ ਮਬੂਜ਼ਾ ਨੂੰ ਸੌਂਪ ਦਿੱਤੀਆਂ ਹਨ। ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਰਾਮਾਫੋਸਾ ਨੇ ਲੋਕਾਂ ਨੂੰ ਵੈਕਸੀਨ ਦੀ ਖ਼ੁਰਾਕ ਲੈਣ ਅਤੇ ਸਾਵਧਾਨੀਆਂ ਵਰਤਣ ਲਈ ਸੁਚੇਤ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਟਵੀਟ ਕੀਤਾ, 'ਮੇਰੇ ਦੋਸਤ ਸਿਰਿਲ ਰਾਮਾਫੋਸਾ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।'