ਸੁਰੱਖਿਆ ਪ੍ਰੀਸ਼ਦ ’ਚ ਜਿਉਂ ਦੀ ਤਿਉਂ ਸਥਿਤੀ ਨੂੰ ਪਸੰਦ ਕਰਦੇ ਹਨ ਕੁਝ ਦੇਸ਼ : ਭਾਰਤ
Thursday, Nov 21, 2024 - 12:24 AM (IST)
ਨਿਊਯਾਰਕ (ਭਾਸ਼ਾ) - ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਪਰਵਤਨੇਨੀ ਹਰੀਸ਼ ਨੇ ਸੁਰੱਖਿਆ ਪ੍ਰੀਸ਼ਦ ’ਚ ਸੁਧਾਰ ਦੀ ਤਰੱਕੀ ਦੀ ਰਫ਼ਤਾਰ ’ਤੇ ਭਾਰਤ ਵੱਲੋਂ ਅਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਕਿ ਕੁਝ ਅਜਿਹੇ ਦੇਸ਼ ਹਨ, ਜੋ ਜਿਉਂ ਦੀ ਤਿਉਂ ਸਥਿਤੀ ਨੂੰ ਪਸੰਦ ਕਰਦੇ ਹਨ ਅਤੇ ਇਸ ਵਿਚ ਵਿਸਥਾਰ ਦਾ ਵਿਰੋਧ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਗੁਆਂਢੀ ਦੇਸ਼ਾਂ ਨੂੰ ਮੈਂਬਰ ਬਣਨ ਦਾ ਮੌਕਾ ਮਿਲ ਸਕਦਾ ਹੈ।
ਹਰੀਸ਼ ਨੇ ਕਿਹਾ ਕਿ ਸੁਰੱਖਿਆ ਪ੍ਰੀਸ਼ਦ ਦਾ ਅੱਜ ਦਾ ਢਾਂਚਾ 1945 ਦੀ ਸਥਿਤੀ ਨੂੰ ਦਰਸਾਉਂਦਾ ਹੈ। ਇਹ ਅੱਜ ਦੀਆਂ ਹਕੀਕਤਾਂ ਨੂੰ ਨਹੀਂ ਦਰਸਾਉਂਦਾ। ਉਨ੍ਹਾਂ ਨੇ ਕੋਲੰਬੀਆ ਯੂਨੀਵਰਸਿਟੀ ਦੇ ‘ਸਕੂਲ ਆਫ਼ ਇੰਟਰਨੈਸ਼ਨਲ ਐਂਡ ਪਬਲਿਕ ਅਫੇਅਰਜ਼’ ਵਿਖੇ ਇਕ ਸਮਾਗਮ ਵਿਚ ‘ ਪ੍ਰਮੁੱਖ ਗਲੋਬਲ ਚੁਣੌਤੀਆਂ ’ਤੇ ਪ੍ਰਤੀਕਿਰਿਆ : ਭਾਰਤ ਦਾ ਤਰੀਕਾ’ ਵਿਸ਼ੇ ’ਤੇ ਭਾਸ਼ਣ ਦਿੱਤਾ।
ਉਨ੍ਹਾਂ ਨੇ ਉੱਨਤ ਬਹੁਪੱਖਵਾਦ, ਅੱਤਵਾਦ, ਜਨਸੰਖਿਆ, ਭਾਰਤ ਦੀ ਡਿਜੀਟਲ ਕ੍ਰਾਂਤੀ ਤੋਂ ਲੈ ਕੇ ਦੇਸ਼ ਦੇ ਨੌਜਵਾਨ, ਜਲਵਾਯੂ ਤਬਦੀਲੀ, ਲੋਕਤੰਤਰ, ਸਿਹਤ ਸੇਵਾ ਅਤੇ ਟੀਕਿਆਂ ਵਰਗੇ ਮੁੱਖ ਕੌਮਾਂਤਰੀ ਮੁੱਦਿਆਂ ’ਤੇ ‘ਭਾਰਤ ਦੇ ਤਰੀਕਿਆਂ’ ਦੀ ਵਿਸਤ੍ਰਿਤ ਜਾਂਚ-ਪੜਤਾਲ ਕੀਤੀ।