ਸਲੋਵਾਕੀਆ ਨੂੰ ਮਿਲ ਸਕਦੀ ਹੈ ਪਹਿਲੀ ਮਹਿਲਾ ਰਾਸ਼ਟਰਪਤੀ
Saturday, Mar 30, 2019 - 01:13 PM (IST)

ਬਰੇਟਿਸਲਾਵਾ, (ਭਾਸ਼ਾ)— ਸਲੋਵਾਕੀਆ ਦੇ ਨਾਗਰਿਕਾਂ ਨੇ ਸ਼ਨੀਵਾਰ ਨੂੰ ਦੇਸ਼ ਦਾ ਨਵਾਂ ਰਾਸ਼ਟਰਪਤੀ ਚੁਣਨ ਲਈ ਵੋਟਾਂ ਪਾਈਆਂ। ਰਾਜਨੀਤਕ ਦਫਤਰ 'ਚ ਕਿਸੇ ਵੀ ਤਰ੍ਹਾਂ ਦਾ ਅਨੁਭਵ ਨਾ ਰੱਖਣ ਵਾਲੀ ਵਕੀਲ ਜੁਜਾਨਾ ਕੈਪੁਤੋਵਾ ਦੀ ਇਨ੍ਹਾਂ ਚੋਣਾਂ 'ਚ ਜਿੱਤਣ ਦੀ ਵਧੇਰੇ ਸੰਭਾਵਨਾ ਹੈ। ਉਹ ਯੂਰਪੀ ਸੰਘ ਅਤੇ ਯੂਰੋਜੋਨ ਮੈਂਬਰ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣ ਸਕਦੀ ਹੈ।
ਕੈਪੁਤੋਵਾ ਦੇ ਸਾਹਮਣੇ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਮਾਰੋਸ ਸੇਫਰੋਵਿਕ ਹਨ। ਹਾਲ ਹੀ 'ਚ ਹੋਏ ਦੋ ਓਪੀਨੀਅਨ ਪੋਲਜ਼ 'ਚ ਕੈਪੁਤੋਵਾ ਨੂੰ ਘੱਟ ਤੋਂ ਘੱਟ 60 ਫੀਸਦੀ ਵੋਟਾਂ ਮਿਲਦੀਆਂ ਲੱਗ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਕੈਪੁਤੋਵਾ ਦੇ ਚੰਗੇ ਕੰਮਾਂ ਕਾਰਨ ਜਨਤਾ ਉਨ੍ਹਾਂ ਵੱਲ ਹੈ।
ਇਸ ਵਾਰ ਦੀਆਂ ਚੋਣਾਂ 'ਚ ਖਾਸ ਮੁੱਦਾ ਇਕ ਪੱਤਰਕਾਰ ਨੂੰ ਮਾਰਨ ਦਾ ਵੀ ਹੈ, ਜਿਸ ਕਾਰਨ ਕੈਪੁਤੋਵਾ ਨੂੰ ਵਧੇਰੇ ਸਮਰਥਨ ਮਿਲ ਰਿਹਾ ਹੈ। 45 ਸਾਲਾ ਕੈਪੁਤੋਵਾ ਤਲਾਕਸ਼ੁਦਾ ਹੈ ਅਤੇ ਦੋ ਬੱਚਿਆਂ ਦੀ ਮਾਂ ਹੈ। ਉਹ ਲਿਬਰਲ ਪ੍ਰੋਗਰੈਸਿਵ ਸਲੋਵਾਕੀਆ ਪਾਰਟੀ ਦੀ ਮੈਂਬਰ ਹੈ, ਜਿਨ੍ਹਾਂ ਦੀ ਸੰਸਦ 'ਚ ਕੋਈ ਸੀਟ ਨਹੀਂ ਹੈ। ਉਨ੍ਹਾਂ ਵਲੋਂ ਐੱਲ. ਜੀ. ਬੀ. ਟੀ. ਭਾਈਚਾਰੇ ਦੇ ਹੱਕਾਂ 'ਚ ਨਿੱਤਰਣ ਦਾ ਵਾਅਦਾ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਦੇਸ਼ 'ਚ ਸਮਲਿੰਗੀ ਵਿਆਹ ਕਰਵਾਉਣ ਅਤੇ ਬੱਚਾ ਗੋਦ ਲੈਣ ਦੀ ਆਜ਼ਾਦੀ ਨਹੀਂ ਹੈ।