ਸਕਾਟਲੈਂਡ ਦੇ ਛੇ ਸ਼ਹਿਰ ਹੋਏ ਯੂ. ਕੇ. ਦੇ ਸਭ ਤੋਂ ਕਿਫਾਇਤੀ ਸਥਾਨਾਂ ’ਚ ਸ਼ਾਮਲ
Saturday, Aug 14, 2021 - 04:25 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਨਿਵਾਸੀਆਂ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਸਕਾਟਲੈਂਡ ਦੇ ਛੇ ਸ਼ਹਿਰ ਯੂ. ਕੇ. ਦੇ ਸਭ ਤੋਂ ਕਿਫਾਇਤੀ ਸਥਾਨਾਂ ਦੀ ਸੂਚੀ ’ਚ ਸ਼ਾਮਲ ਹੋਏ ਹਨ। ਇਨ੍ਹਾਂ ਸ਼ਹਿਰਾਂ ’ਚ ਗਲਾਸਗੋ ਅਤੇ ਏਬਰਡੀਨ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਇੱਕ ਨਵੇਂ ਅਧਿਐਨ ਦੇ ਅਨੁਸਾਰ ਯੂ. ਕੇ. ’ਚ ਸਭ ਤੋਂ ਸਸਤੇ ਤੇ ਕਿਫਾਇਤੀ ਹੋਣ ਦਾ ਨਾਂ ਦਿੱਤਾ ਗਿਆ ਹੈ। ਯੂ. ਕੇ. ਦੀ ਬੈਂਕਿੰਗ ਫਰਮ ਹੈਲੀਫੈਕਸ ਨੇ ਇਸ ਸੂਚੀ ’ਚ ਸ਼ਾਮਲ ਸ਼ਹਿਰਾਂ ਦੀ ਕੀਮਤ-ਤੋਂ-ਕਮਾਈ (ਪਰਾਈਸ ਟੂ ਅਰਨਿੰਗ) ਦੇ ਅਨੁਪਾਤ ਨੂੰ ਮਾਪਿਆ ਹੈ, ਔਸਤਨ ਮਕਾਨ ਦੀ ਕੀਮਤ ਅਤੇ ਔਸਤ ਸਾਲਾਨਾ ਕਮਾਈ ਨੂੰ ਅਧਿਐਨ ’ਚ ਸ਼ਾਮਲ ਕੀਤਾ ਗਿਆ ਹੈ। ਇਸ ਬੈਂਕਿੰਗ ਫਰਮ ਦੇ ਅਧਿਐਨ ਅਨੁਸਾਰ ਸਟਰਲਿੰਗ ਸਕਾਟਲੈਂਡ ’ਚ ਸਭ ਤੋਂ ਸਸਤੀ (ਕਿਫਾਇਤੀ) ਜਗ੍ਹਾ ਹੈ, ਜਿਥੇ ਜਾਇਦਾਦ ਖਰੀਦਣ ਦੀ ਔਸਤ ਕੀਮਤ ਤਕਰੀਬਨ 2,08,000 ਪੌਂਡ ਹੈ, ਜਦਕਿ ਔਸਤ ਸਾਲਾਨਾ ਕਮਾਈ 38,000 ਪੌਂਡ ਤੋਂ ਵੱਧ ਹੈ।
ਇਸ ਸਕਾਟਿਸ਼ ਕਸਬੇ ਤੋਂ ਬਾਅਦ ਏਬਰਡੀਨ, ਗਲਾਸਗੋ, ਪਰਥ, ਇਨਵਰਨੇਸ ਅਤੇ ਡੰਡੀ ਦਾ ਨਾਂ ਆਉਂਦਾ ਹੈ। ਹੈਲੀਫੈਕਸ ਨੇ ਆਪਣੇ ਸਰਵੇ ’ਚ ਦੇਖਿਆ ਕਿ ਯੂ. ਕੇ. ’ਚ ਘਰ ਖਰੀਦਣ ਦੀ ਕੀਮਤ ਪਿਛਲੇ ਸਾਲ ’ਚ ਤਾਲਾਬੰਦੀ ਦੌਰਾਨ 10.3 ਪ੍ਰਤੀਸ਼ਤ ਵਧੀ ਹੈ, ਜਿਸ ਦਾ ਮਤਲਬ ਜਾਇਦਾਦ ਦੀ ਕੀਮਤ ਔਸਤ ਆਮਦਨੀ ਨਾਲੋਂ ਤਕਰੀਬਨ 8.1 ਗੁਣਾ ਵਧੀ ਹੈ ਅਤੇ ਅਧਿਐਨ ’ਚ ਇਹ ਖੁਲਾਸਾ ਹੋਇਆ ਹੈ ਕਿ ਯੂ. ਕੇ. ’ਚ ਔਸਤਨ ਸ਼ਹਿਰੀ ਮਕਾਨਾਂ ਦੀ ਕੀਮਤ 2,87,440 ਪੌਂਡ ਹੋ ਗਈ ਹੈ, ਜਦਕਿ ਔਸਤ ਕਮਾਈ ਸਿਰਫ 2.1 ਫੀਸਦੀ ਸਾਲਾਨਾ ਵਧ ਕੇ, 35,677 ਪੌਂਡ ਹੋਈ ਹੈ। ਇਸ ਤੋਂ ਇਲਾਵਾ 2011 ਤੋਂ 2013 ਤੱਕ 5.6 ਫੀਸਦੀ ’ਤੇ ਰਹਿਣ ਤੋਂ ਬਾਅਦ ਯੂ. ਕੇ. ਦੇ ਸ਼ਹਿਰਾਂ ’ਚ ਮਕਾਨ ਦੀ ਕੀਮਤ ਤੋਂ ਕਮਾਈ ਦਾ ਅਨੁਪਾਤ ਪਿਛਲੇ ਅੱਠ ਸਾਲਾਂ ਤੋਂ ਹਰ ਸਾਲ ਵਧਦਾ ਗਿਆ ਹੈ ਪਰ ਕਈ ਸ਼ਹਿਰ ਅਜੇ ਵੀ ਸਮੁੱਚੇ ਤੌਰ ’ਤੇ ਯੂ. ਕੇ. ਨਾਲੋਂ ਵਧੇਰੇ ਕਿਫਾਇਤੀ ਹਨ, ਜਿੱਥੇ ਘਰ ਦੀ ਕੀਮਤ ਤੋਂ ਕਮਾਈ ਦਾ ਅਨੁਪਾਤ 8.5 ਹੈ।
ਇਸ ਸੰਸਥਾ ਦੀ ਸੂਚੀ ਅਨੁਸਾਰ ਡੇਰੀ/ਲੰਡਨਡੇਰੀ ਨੇ ਲਗਾਤਾਰ ਤੀਜੇ ਸਾਲ ਯੂ. ਕੇ. ਦੇ ਸਭ ਤੋਂ ਕਿਫਾਇਤੀ ਸ਼ਹਿਰ ਵਜੋਂ ਆਪਣਾ ਸਥਾਨ ਸੰਭਾਲਿਆ ਹੈ, ਜਿਸ ਦਾ ਕੀਮਤ-ਤੋਂ-ਕਮਾਈ ਅਨੁਪਾਤ 4.7 ਹੈ, ਜਦਕਿ ਵਿਨਚੈਸਟਰ ਦੀ ਪਛਾਣ ਯੂ. ਕੇ. ਦੇ ਸਭ ਤੋਂ ਘੱਟ ਕਿਫਾਇਤੀ ਸ਼ਹਿਰ ਵਜੋਂ ਕੀਤੀ ਗਈ ਸੀ, ਜਿਸ ਨੇ ਇਸ ਸਾਲ ਆਕਸਫੋਰਡ ਦੀ ਥਾਂ ਲਈ ਹੈ, ਜਿਥੇ ਘਰਾਂ ਦੀ ਕੀਮਤ ਸਾਲਾਨਾ ਕਮਾਈ ਨਾਲੋਂ 14 ਗੁਣਾ ਵੱਧ ਹੈ। ਲੰਡਨ ਛੇ ਸਾਲਾਂ ’ਚ ਪਹਿਲੀ ਵਾਰ ਚੋਟੀ ਦੇ ਪੰਜ ਸਭ ਤੋਂ ਘੱਟ ਕਿਫਾਇਤੀ ਸ਼ਹਿਰਾਂ ਤੋਂ ਬਾਹਰ ਹੋਇਆ ਹੈ। ਇਸ ਦੇ ਨਾਲ ਹੀ ਇੱਕ ਸਾਲ ਪਹਿਲਾਂ ਦੇ ਮੁਕਾਬਲੇ 7 ਸ਼ਹਿਰਾਂ ’ਚ ਰਿਹਾਇਸ਼ ਦੀ ਸਮਰੱਥਾ ’ਚ ਸੁਧਾਰ ਹੋਇਆ, ਜਿਨ੍ਹਾਂ ’ਚ ਆਕਸਫੋਰਡ, ਕਾਰਲਿਸਲ, ਪੋਰਟਸਮਥ, ਡਰਹਮ, ਸੈਲਫੋਰਡ, ਇਨਵਰਨੇਸ ਅਤੇ ਗਲਾਸਗੋ ਸ਼ਾਮਲ ਹਨ।