ਸਿੰਗਾਪੁਰ: ਔਰਤ ਨਾਲ 2.68 ਲੱਖ ਡਾਲਰ ਦੀ ਠੱਗੀ ਮਾਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ 23 ਮਹੀਨੇ ਦੀ ਕੈਦ

Friday, Feb 06, 2026 - 06:55 PM (IST)

ਸਿੰਗਾਪੁਰ: ਔਰਤ ਨਾਲ 2.68 ਲੱਖ ਡਾਲਰ ਦੀ ਠੱਗੀ ਮਾਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ 23 ਮਹੀਨੇ ਦੀ ਕੈਦ

ਸਿੰਗਾਪੁਰ- ਸਿੰਗਾਪੁਰ ਵਿੱਚ ਇੱਕ ਆਨਲਾਈਨ ਮਾਰਕੀਟ ਪਲੇਸ ਰਾਹੀਂ ਇੱਕ 25 ਸਾਲਾ ਔਰਤ ਨਾਲ 2.68 ਲੱਖ ਸਿੰਗਾਪੁਰੀ ਡਾਲਰ (ਲਗਭਗ 1.6 ਕਰੋੜ ਰੁਪਏ ਤੋਂ ਵੱਧ) ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ 23 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। 'ਦਿ ਸਟ੍ਰੇਟਸ ਟਾਈਮਜ਼' ਦੀ ਰਿਪੋਰਟ ਮੁਤਾਬਕ ਦੋਸ਼ੀ ਦੀ ਪਛਾਣ ਥੇਵੇਂਦਰਨ ਐਲਨ ਗੋਵਨ ਵਜੋਂ ਹੋਈ ਹੈ, ਜਿਸ ਨੂੰ ਧੋਖਾਧੜੀ ਦੇ ਇੱਕ ਦੋਸ਼ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ, ਜਦਕਿ ਦੋ ਹੋਰ ਮਾਮਲਿਆਂ ਨੂੰ ਸਜ਼ਾ ਨਿਰਧਾਰਤ ਕਰਦੇ ਸਮੇਂ ਧਿਆਨ ਵਿੱਚ ਰੱਖਿਆ ਗਿਆ ਸੀ।

ਇੰਝ ਦਿੱਤਾ ਠੱਗੀ ਨੂੰ ਅੰਜਾਮ
ਅਦਾਲਤ ਵਿੱਚ ਦੱਸਿਆ ਗਿਆ ਕਿ 24 ਜੁਲਾਈ 2021 ਨੂੰ ਗੋਵਨ ਨੇ ਆਨਲਾਈਨ ਪਲੇਟਫਾਰਮ 'ਕਾਰੂਸੇਲ' (Carousell) 'ਤੇ ਪਲੇਅਸਟੇਸ਼ਨ-4 (PS-4) ਵੇਚਣ ਦਾ ਇੱਕ ਇਸ਼ਤਿਹਾਰ ਪਾਇਆ ਸੀ। ਪੀੜਤ ਔਰਤ ਵੱਲੋਂ ਜਵਾਬ ਦੇਣ 'ਤੇ ਦੋਸ਼ੀ ਨੇ ਉਸ ਨੂੰ 150 ਡਾਲਰ ਪੇਸ਼ਗੀ (Advance) ਵਜੋਂ ਜਮ੍ਹਾਂ ਕਰਵਾਉਣ ਲਈ ਕਿਹਾ ਅਤੇ ਬਾਕੀ ਰਕਮ ਡਿਲੀਵਰੀ ਤੋਂ ਬਾਅਦ ਦੇਣ ਦੀ ਗੱਲ ਕਹੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਗੱਲਬਾਤ ਵਟਸਐਪ 'ਤੇ ਹੋਣ ਲੱਗੀ।

ਜੂਏ ਦੇ ਕਰਜ਼ੇ ਤੇ ਨਿੱਜੀ ਖਰਚਿਆਂ ਲਈ ਵਰਤੀ ਰਕਮ
ਜਾਂਚ ਮੁਤਾਬਕ ਦੋਸ਼ੀ ਨੇ ਬਿਨਾਂ ਕਿਸੇ ਸਮਾਨ ਦੀ ਡਿਲੀਵਰੀ ਕੀਤੇ, ਗੇਮਾਂ ਅਤੇ ਹੋਰ ਬਹਾਨਿਆਂ ਨਾਲ ਪੈਸਿਆਂ ਦੀ ਮੰਗ ਜਾਰੀ ਰੱਖੀ। ਅਗਸਤ ਤੋਂ ਦਸੰਬਰ 2021 ਦੇ ਦਰਮਿਆਨ, ਉਸ ਨੇ 48 ਵਾਰ ਵਿੱਚ ਔਰਤ ਤੋਂ ਕੁੱਲ 2.46 ਲੱਖ ਡਾਲਰ ਤੋਂ ਵੱਧ ਦੀ ਠੱਗੀ ਮਾਰੀ। ਉਸ ਨੇ ਇਸ ਸਾਰੀ ਰਕਮ ਦੀ ਵਰਤੋਂ ਆਪਣੇ ਨਿੱਜੀ ਖਰਚਿਆਂ ਅਤੇ ਜੂਏ ਦਾ ਕਰਜ਼ਾ ਉਤਾਰਨ ਲਈ ਕੀਤੀ।

ਪੀੜਤਾ ਦੀ ਮਾਂ ਦੀ ਮੌਤ ਤੋਂ ਬਾਅਦ ਮਿਲੀ ਰਕਮ ਵੀ ਲੁੱਟੀ
ਦੋਸ਼ੀ ਨੂੰ ਪਤਾ ਲੱਗ ਗਿਆ ਸੀ ਕਿ ਪੀੜਤਾ ਨੂੰ ਆਪਣੀ ਮਾਂ ਦੀ ਮੌਤ ਤੋਂ ਬਾਅਦ ਬੀਮਾ ਅਤੇ ਸੈਂਟਰਲ ਪ੍ਰੋਵਿਡੈਂਟ ਫੰਡ (CPF) ਰਾਹੀਂ ਕੁਝ ਪੈਸੇ ਮਿਲੇ ਸਨ। ਹੱਦ ਤਾਂ ਉਦੋਂ ਹੋ ਗਈ ਜਦੋਂ ਔਰਤ ਨੇ ਦੱਸਿਆ ਕਿ ਉਸ ਕੋਲ ਹੁਣ ਸਾਰੀ ਜਮ੍ਹਾਂ ਪੂੰਜੀ ਖਤਮ ਹੋ ਚੁੱਕੀ ਹੈ, ਪਰ ਫਿਰ ਵੀ ਦੋਸ਼ੀ ਨੇ ਉਸ ਨਾਲ ਧੋਖਾਧੜੀ ਜਾਰੀ ਰੱਖੀ। ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੀੜਤਾ ਦੇ ਪਿਤਾ ਨੇ ਬੈਂਕ ਖਾਤੇ ਵਿੱਚੋਂ ਗਾਇਬ ਹੋਏ ਪੈਸਿਆਂ ਸਬੰਧੀ ਪੁਲਸ ਨੂੰ ਸ਼ਿਕਾਇਤ ਕੀਤੀ।

ਅਦਾਲਤ ਦੀ ਟਿੱਪਣੀ
ਜ਼ਿਲ੍ਹਾ ਜੱਜ ਜੈਨੇਟ ਵਾਂਗ ਨੇ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਪੀੜਤਾ ਨੂੰ ਗੰਭੀਰ ਮਾਨਸਿਕ ਸਦਮਾ ਅਤੇ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਸਰਕਾਰੀ ਵਕੀਲ ਨੇ ਦੱਸਿਆ ਕਿ ਦੋਸ਼ੀ ਨੇ ਜੁਲਾਈ 2024 ਵਿੱਚ 24,000 ਡਾਲਰ ਵਾਪਸ ਕੀਤੇ ਹਨ ਅਤੇ ਜੂਨ 2025 ਵਿੱਚ 80,000 ਡਾਲਰ ਹੋਰ ਵਾਪਸ ਕਰਨ ਦੀ ਗੱਲ ਕਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News