ਦੱ. ਅਫਰੀਕਾ ਦੇ ਇਨ੍ਹਾਂ 7 ਦੇਸ਼ਾਂ ਦੀ ਯਾਤਰਾ ਕਰਨ ਵਾਲਿਆਂ ਖ਼ਿਲਾਫ਼ ਸਿੰਗਾਪੁਰ ਦਾ ਵੱਡਾ ਫ਼ੈਸਲਾ
Friday, Nov 26, 2021 - 05:40 PM (IST)
ਸਿੰਗਾਪੁਰ (ਭਾਸ਼ਾ)-ਸਿੰਗਾਪੁਰ ਨੇ ਹਾਲ ਹੀ ’ਚ ਦੱਖਣੀ ਅਫਰੀਕਾ ਦੇ 7 ਦੇਸ਼ਾਂ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਦੇਸ਼ ’ਚ ਦਾਖਲ ਹੋਣ ’ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ, ਜਦਕਿ ਯੂਰਪੀਅਨ ਯੂਨੀਅਨ ਵੀ ਇਸ ’ਤੇ ਵਿਚਾਰ ਕਰ ਰਿਹਾ ਹੈ। ਸਿੰਗਾਪੁਰ ਦੇ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਕਿਹਾ ਕਿ ਦੱਖਣੀ ਅਫਰੀਕਾ ’ਚ ਕੋਵਿਡ-19 ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ, ਜਿਸ ਦੇ ਜ਼ਿਆਦਾ ਘਾਤਕ ਅਤੇ ਛੂਤਕਾਰੀ ਹੋਣ ਦੀ ਸੰਭਾਵਨਾ ਹੈ। ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ 11:59 ਵਜੇ ਤੋਂ ਸਾਰੇ ਲੋਕ ਜੋ ਪਿਛਲੇ 14 ਦਿਨਾਂ ਦੇ ਅੰਦਰ ਬੋਤਸਵਾਨਾ, ਇਸਵਾਤਿਨੀ, ਲੇਸੋਥੋ, ਮੋਜ਼ੰਬੀਕ, ਨਾਮੀਬੀਆ, ਦੱਖਣੀ ਅਫਰੀਕਾ ਅਤੇ ਜ਼ਿੰਬਾਬਵੇ ਦੀ ਯਾਤਰਾ ਕਰ ਚੁੱਕੇ ਹਨ, ਨੂੰ ਸਿੰਗਾਪੁਰ ’ਚ ਦਾਖਲ ਹੋਣ ਜਾਂ ਲੰਘਣ ਦੀ ਇਜਾਜ਼ਤ ਨਹੀਂ ਹੋਵੇਗੀ। ਸਿੰਗਾਪੁਰ ਦੇ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਦੇਸ਼ ਪਰਤਣ ’ਤੇ 10 ਦਿਨਾਂ ਲਈ ਨਿਰਧਾਰਤ ਕੇਂਦਰ ’ਚ ਇਕਾਂਤਵਾਸ ਰਹਿਣਾ ਪਵੇਗਾ। ‘ਚੈਨਲ ਨਿਊਜ਼ ਏਸ਼ੀਆ’ ਨੇ ਸਿਹਤ ਮੰਤਰਾਲੇ ਦੇ ਹਵਾਲੇ ਨਾਲ ਕਿਹਾ, ‘‘ਕੋਵਿਡ-19 ਦੇ ਜ਼ਿਆਦਾ ਇਨਫੈਕਟਿਡ ਰੂਪ ਬੀ.1.1.529 ਦੇ ਸਾਹਮਣੇ ਆਉਣ ਦੀਆਂ ਖਬਰਾਂ ਹਨ, ਜਿਸ ਦੇ ਬੋਤਸਵਾਨਾ, ਇਸਵਾਤਿਨੀ, ਲੇਸੋਥੋ, ਮੋਜ਼ੰਬੀਕ, ਨਾਮੀਬੀਆ, ਦੱਖਣੀ ਅਫਰੀਕਾਤ ਤੇ ਜ਼ਿੰਬਾਬਵੇ ’ਚ ਫੈਲੇ ਹੋਣ ਦਾ ਖ਼ਦਸ਼ਾ ਹੈ। ਫਿਲਹਾਲ ਦੁਨੀਆ ਭਰ ਦੇ ਵਿਗਿਆਨੀ ਇਸ ਨਵੇਂ ਰੂਪ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ : ਪਾਕਿਸਤਾਨੀ ਪੱਤਰਕਾਰ ਨੂਰਾਨੀ ਦੀ ਪਤਨੀ ’ਤੇ ਲਾਹੌਰ ’ਚ ਹਮਲਾ
ਇਸੇ ਦਰਮਿਆਨ ਯੂਰਪੀਅਨ ਯੂਨੀਅਨ ਦੇ ਕਾਰਜਕਾਰੀ ਨੇ ਸ਼ੁੱਕਰਵਾਰ ਕਿਹਾ ਕਿ ਯੂਰਪੀਅਨ ਯੂਨੀਅਨ ਕੋਵਿਡ-19 ਦੇ ਨਵੇਂ ਰੂਪ ਦੇ ਫੈਲਣ ਨੂੰ ਰੋਕਣ ਲਈ ਦੱਖਣੀ ਅਫਰੀਕਾ ਤੋਂ ਹਵਾਈ ਯਾਤਰੀਆਂ ’ਤੇ ਪਾਬੰਦੀ ਲਗਾਉਣਾ ਚਾਹੁੰਦਾ ਹੈ। ਯੂਰਪੀਅਨ ਯੂਨੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਇਕ ਬਿਆਨ ’ਚ ਕਿਹਾ ਕਿ ਉਹ ‘‘ਮੈਂਬਰ ਦੇਸ਼ਾਂ ਦੇ ਨਾਲ ਨਜ਼ਦੀਕੀ ਤਾਲਮੇਲ ’ਚ ਦੱਖਣੀ ਅਫ਼ਰੀਕੀ ਖੇਤਰ ਤੋਂ ਆਉਣ ਵਾਲੇ ਹਵਾਈ ਯਾਤਰੀਆਂ ਨੂੰ ਰੋਕਣ ਲਈ ਇਕ ਐਮਰਜੈਂਸੀ ਸਟਾਪ ਦੀ ਤਜਵੀਜ਼ ਕਰਦੇ ਹਨ।’’ ਦੱਖਣੀ ਅਫਰੀਕਾ ’ਚ ਕੋਰੋਨਾ ਵਾਇਰਸ ਦਾ ਇਕ ਨਵਾਂ ਰੂਪ ਸਾਹਮਣੇ ਆਇਆ ਹੈ, ਜਿਸ ਨੂੰ ਵਿਗਿਆਨੀਆਂ ਨੇ ਚਿੰਤਾ ਦਾ ਕਾਰਨ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਰੂਪ ਦੇਸ਼ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਸੂਬੇ ਗੌਤੇਂਗ ’ਚ ਨੌਜਵਾਨਾਂ ’ਚ ਤੇਜ਼ੀ ਨਾਲ ਫੈਲਿਆ ਹੈ। 27 ਦੇਸ਼ਾਂ ਦਾ ਯੂਰਪੀਅਨ ਯੂਨੀਅਨ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਚੌਥੇ ਵਾਧੇ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਅਤੇ ਸਰਕਾਰ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ’ਚ ਪਾਬੰਦੀਆਂ ਨੂੰ ਹੋਰ ਸਖਤ ਕਰ ਰਹੀ ਹੈ। ਉਡਾਣਾਂ ’ਤੇ ਪਾਬੰਦੀ ਲਗਾਉਣ ਦਾ ਇਹ ਪ੍ਰਸਤਾਵ ਬ੍ਰਿਟੇਨ ਦੇ ਵੀਰਵਾਰ ਨੂੰ ਅਜਿਹਾ ਹੀ ਕਦਮ ਚੁੱਕਣ ਤੋਂ ਬਾਅਦ ਆਇਆ ਹੈ। ਬ੍ਰਿਟੇਨ ਨੇ ਐਲਾਨ ਕੀਤਾ ਹੈ ਕਿ ਉਹ ਦੱਖਣੀ ਅਫਰੀਕਾ ਤੇ ਪੰਜ ਹੋਰ ਦੱਖਣੀ ਅਫਰੀਕੀ ਦੇਸ਼ਾਂ ਲਈ ਉਡਾਣਾਂ ’ਤੇ ਪਾਬੰਦੀ ਲਗਾ ਰਿਹਾ ਹੈ ਤੇ ਇਹ ਪਾਬੰਦੀ ਸ਼ੁੱਕਰਵਾਰ ਦੁਪਹਿਰ ਤੋਂ ਲਾਗੂ ਹੋ ਜਾਵੇਗੀ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਦੱਸੋ