ਸਿੰਗਾਪੁਰ: ਭਾਰਤੀ ਨਾਗਰਿਕ ਨੂੰ ਪੁਲਸ ਅਧਿਕਾਰੀ ਨਾਲ ਕੁੱਟਮਾਰ ਕਰਨ ਦੇ ਮਾਮਲੇ ''ਚ ਹੋਈ ਜੇਲ੍ਹ

07/11/2023 12:39:33 PM

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿੱਚ ਛਾਪੇਮਾਰੀ ਦੌਰਾਨ ਇੱਕ ਪੁਲਸ ਅਧਿਕਾਰੀ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਸੋਮਵਾਰ ਨੂੰ 9 ਸਾਲ ਅਤੇ 18 ਮਹੀਨੇ ਦੀ ਜੇਲ੍ਹ ਅਤੇ 4,000 ਸਿੰਗਾਪੁਰ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। 'ਦਿ ਸਟਰੇਟਸ ਟਾਈਮਜ਼' ਦੀ ਖ਼ਬਰ ਮੁਤਾਬਕ 25 ਸਾਲਾ ਨਿਖਿਲ ਐਮ ਦੁਰਗੁਡੇ ਨੇ ਇੱਕ ਸਰਕਾਰੀ ਕਰਮਚਾਰੀ ਨੂੰ ਡਿਊਟੀ ਤੋਂ ਰੋਕਣ ਲਈ ਜਾਣਬੁੱਝ ਕੇ ਉਸ ਨੂੰ ਸੱਟ ਪਹੁੰਚਾਉਣ, ਆਪਣੇ ਕੋਲ ਨਸ਼ੀਲੇ ਪਦਾਰਥ ਰੱਖਣ ਅਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਸਮੇਤ 8 ਦੋਸ਼ਾਂ ਨੂੰ ਸਵੀਕਾਰ ਕੀਤੇ ਸਨ।

ਜ਼ਿਲ੍ਹਾ ਜੱਜ ਜਸਵਿੰਦਰ ਕੌਰ ਨੇ ਕਿਹਾ ਕਿ ਨਿਖਿਲ ਨੇ ਹਮਲੇ ਦੌਰਾਨ ਪੁਲਸ ਅਧਿਕਾਰੀ ਨਾਲ ਦੁਰਵਿਵਹਾਰ ਵੀ ਕੀਤਾ ਅਤੇ ਇਹ ਉਸ ਦੀ "ਅਧਿਕਾਰੀਆਂ ਪ੍ਰਤੀ ਘੋਰ ਅਣਦੇਖੀ" ਨੂੰ ਦਰਸਾਉਂਦਾ ਹੈ। ਜੱਜ ਨੇ ਕਿਹਾ, "ਅਧਿਕਾਰੀਆਂ ਲਈ ਇਹ ਵਿਸ਼ਵਾਸ ਹੋਣਾ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਕਾਨੂੰਨ ਦੇ ਤਹਿਤ ਢੁਕਵੀਂ ਸੁਰੱਖਿਆ ਦਿੱਤੀ ਜਾਵੇਗੀ।" ਜ਼ਿਕਰਯੋਗ ਹੈ ਕਿ 5 ਨਵੰਬਰ 2020 ਨੂੰ ਧੋਖਾਧੜੀ ਦੇ ਮਾਮਲਿਆਂ ਦੇ ਸਬੰਧ ਵਿੱਚ ਇੱਕ ਪੁਲਸ ਕਾਰਵਾਈ ਦੌਰਾਨ ਸੀਨੀਅਰ ਸਟਾਫ ਸਾਰਜੈਂਟ ਚੂਆ ਮਿੰਗ ਚੇਂਗ ਅਤੇ ਇੰਸਪੈਕਟਰ ਜ਼ੇਂਗ ਯਿਆਂਗ ਸਮੇਤ ਤਿੰਨ ਅਧਿਕਾਰੀ ਬੈਲੇਸਟੀਅਰ ਗਏ ਸਨ। ਇਸ ਦੌਰਾਨ ਨਿਖਿਲ ਨੇ ਪੁਲਿਸ ਅਧਿਕਾਰੀ ਝੇਂਗ ਨੂੰ ਘਸੁੰਨ-ਮੁੱਕੇ ਮਾਰੇ ਸਨ।


cherry

Content Editor

Related News