ਸਿੰਗਾਪੁਰ ''ਚ ਕੋਵਿਡ-19 ਦੇ 132 ਨਵੇਂ ਮਾਮਲੇ, ਪੀੜਤਾਂ ਦੀ ਗਿਣਤੀ 55,000 ਦੇ ਕਰੀਬ ਪੁੱਜੀ
Saturday, Aug 08, 2020 - 05:04 PM (IST)
ਸਿੰਗਾਪੁਰ (ਭਾਸ਼ਾ) : ਸਿੰਗਾਪੁਰ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ 132 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਦੇਸ਼ ਵਿਚ ਕੋਰੋਨਾ ਦੇ ਕੁੱਲ ਮਾਮਲੇ 54,929 ਤੱਕ ਪਹੁੰਚ ਗਏ। ਪੀੜਤਾਂ ਵਿਚ 6 ਲੋਕ ਬਾਹਰੋਂ ਆਏ ਹੋਏ ਹਨ। ਸਿਹਤ ਮੰਤਰਾਲਾ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਸਿਹਤ ਮੰਤਰਾਲਾ ਨੇ ਕਿਹਾ ਕਿ ਨਵੇਂ ਪੀੜਤਾਂ ਵਿਚੋਂ ਜ਼ਿਆਦਾਤਰ ਵਿਦੇਸ਼ੀ ਕਾਮੇ ਡਾਰਮੈਟਰੀ ਵਿਚ ਰਹਿਣ ਵਾਲੇ ਵਰਕ ਪਰਮਿਟ ਧਾਰਕ ਹਨ। ਮੰਤਰਾਲਾ ਨੇ ਦੱਸਿਆ ਕਿ ਭਾਈਚਾਰਕ ਪ੍ਰਸਾਰ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ, ਉਸ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ 132 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਕੁੱਲ ਗਿਣਤੀ 54,929 ਹੋ ਗਈ ਹੈ। ਮੰਤਰਾਲਾ ਨੇ ਦੱਸਿਆ ਕਿ ਬਾਹਰੋਂ ਆਏ ਲੋਕਾਂ ਨੂੰ ਸਿੰਗਾਪੁਰ ਪੁੱਜਣ 'ਤੇ ਘਰ ਵਿਚ ਇਕਾਂਤਵਾਸ ਵਿਚ ਰਹਿਣ ਲਈ ਕਿਹਾ ਗਿਆ ਸੀ। ਚੈਨਲ ਨਿਊਜ ਏਸ਼ੀਆ ਦੀ ਖ਼ਬਰ ਮੁਤਾਬਕ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਡਾਰਮੈਟਰੀ ਵਿਚ ਰਹਿਣ ਵਾਲੇ ਸਾਰੇ ਪ੍ਰਵਾਸੀ ਕਾਮਿਆਂ ਦੀ ਕੋਵਿਡ-19 ਜਾਂਚ ਪੂਰੀ ਕਰ ਲਈ ਹੈ। ਸ਼ੁੱਕਰਵਾਰ ਨੂੰ 281 ਲੋਕਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਿਸ ਨਾਲ ਦੇਸ਼ ਵਿਚ ਹੁਣ ਤੱਕ 48,297 ਮਰੀਜ਼ ਪੂਰੀ ਤਰ੍ਹਾਂ ਨਾਲ ਕੋਰੋਨਾ ਮੁਕਤ ਹੋ ਗਏ ਹਨ। ਹੁਣ ਕੁੱਲ 124 ਮਰੀਜ਼ ਹਸਪਤਾਲ ਵਿਚ ਹਨ, ਜਦੋਂ ਕਿ 6,334 ਹਲਕੇ ਲੱਛਣਾਂ ਵਾਲੇ ਲੋਕ ਭਾਈਚਾਰਕ ਸਿਹਤ ਕੇਂਦਰਾਂ ਵਿਚ ਭਰਤੀ ਹਨ।