ਇਟਲੀ ਦੇ ਸਾਬਕਾ ਪੀ. ਐੱਮ. ਸਿਲਵੀ ਬਰਸਲਕੋਨੀ ਹੋਏ ਕੋਰੋਨਾ ਵਾਇਰਸ ਦੇ ਸ਼ਿਕਾਰ
Thursday, Sep 03, 2020 - 08:54 AM (IST)
ਮਿਲਾਨ, (ਸਾਬੀ ਚੀਨੀਆ)- ਇਟਲੀ ਦੀ ਸਿਆਸਤ ਦੇ ਬਾਬਾ ਬੋਹੜ ਸਾਬਕਾ ਪ੍ਰਧਾਨ ਮੰਤਰੀ ਸਿਲਵੀ ਬਰਸਲਕੋਨੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਇਟਲੀ ਦੇ ਸਿਆਸੀ ਲੋਕਾਂ ਵਿਚ ਇਕ ਵਾਰ ਫਿਰ ਸਹਿਮ ਦਾ ਮਾਹੌਲ ਬਣ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਗਰਮੀਆਂ ਦੀਆਂ ਛੁੱਟੀਆਂ ਬਤੀਤ ਕਰਕੇ ਵਾਪਸ ਆਏ ਸਨ।
ਉਨ੍ਹਾਂ ਦਾ ਅਗਲਾ ਪ੍ਰੋਗਰਾਮ ਨਗਰ ਨਿਗਮ ਦੀਆਂ ਚੋਣਾਂ ਵਿਚ ਪਾਰਟੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ਦਾ ਸੀ ,ਜੋ ਫਿਲਹਾਲ ਮੁਲਤਵੀ ਹੋ ਗਿਆ ਹੈ। ਉਨ੍ਹਾਂ ਨੇ 19 ,20 ਸਤੰਬਰ ਨੂੰ ਪ੍ਰਚਾਰ ਕਰਨ ਲਈ ਜਾਣਾ ਸੀ। ਪਾਰਟੀ ਦਫਤਰ ਤੋਂ ਜਾਰੀ ਨੋਟਿਸ ਮੁਤਾਬਕ ਉਹ ਇਕਾਂਤਵਾਸ ਵਿਚ ਰਹਿ ਕੇ ਪਾਰਟੀ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨਗੇ ।
ਦੱਸਣਯੋਗ ਹੈ ਸਿਲਵੀ ਬਰਲਸਕੋਨੀ ਅਕਸਰ ਆਪਣੇ ਤੋਂ ਅੱਧੀ ਉਮਰ ਦੀਆਂ ਮਸ਼ਹੂਰ ਮਾਡਲਾਂ ਨਾਲ ਸਬੰਧਾਂ ਅਤੇ ਰੰਗੀਨ ਮਜਾਜ਼ੀਆਂ ਕਰਕੇ ਚਰਚਾ ਵਿਚ ਰਹਿੰਦੇ ਹਨ । ਉੱਥੇ ਹੀ ਉਹ ਇਟਲੀ ਦੀ ਸਭ ਤੋਂ ਮਸ਼ਹੂਰ ਫੁੱਟਬਾਲ ਕਲੱਬ ਏ. ਸੀ. ਮਿਲਾਨ ਦੇ ਮੁੱਖ ਸਪਾਂਸਰ ਵੀ ਹਨ ਅਤੇ ਉਨ੍ਹਾਂ ਸਭ ਤੋਂ ਪਹਿਲਾਂ ਕੋਰੋਨਾ ਦੀ ਮਾਰ ਹੇਠ ਆਏ ਸੂਬੇ ਲੰਮਬਾਰਦੀਆ ਲਈ 11 ਮਿਲੀਅਨ ਯੂਰੋ ਸਹਾਇਤਾ ਰਾਸ਼ੀ ਦਾਨ ਵਜੋਂ ਦਿੱਤੀ ਸੀ।