ਬ੍ਰਾਜ਼ੀਲ ਦੇ ਅਗਲੇ ਰਾਸ਼ਟਰਪਤੀ ਹੋਣਗੇ ਸਿਲਵਾ, ਸਰਕਾਰ ਸਾਹਮਣੇ 3 ਵੱਡੀਆਂ ਚੁਣੌਤੀਆਂ
Tuesday, Nov 01, 2022 - 10:52 AM (IST)
ਬ੍ਰਾਸੀਲੀਆ (ਬਿਊਰੋ) ਲੂਲਾ ਦਾ ਸਿਲਵਾ ਲਾਤੀਨੀ ਅਮਰੀਕਾ ਦੇ ਸਭ ਤੋਂ ਵੱਡੇ ਦੇਸ਼ ਬ੍ਰਾਜ਼ੀਲ ਦੇ ਨਵੇਂ ਰਾਸ਼ਟਰਪਤੀ ਹੋਣਗੇ। ਉਨ੍ਹਾਂ ਨੇ ਮੌਜੂਦਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੂੰ ਲਗਭਗ 21 ਲੱਖ 39 ਹਜ਼ਾਰ ਵੋਟਾਂ ਨਾਲ ਹਰਾਇਆ। ਲੂਲਾ ਖੱਬੇ ਪੱਖੀ ਵਰਕਰਜ਼ ਪਾਰਟੀ ਨਾਲ ਸਬੰਧਤ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਉਹ 1 ਜਨਵਰੀ, 2023 ਨੂੰ ਅਹੁਦਾ ਸੰਭਾਲਣਗੇ, ਉਦੋਂ ਤੱਕ ਬੋਲਸੋਨਾਰੋ ਦੇ ਕੇਅਰਟੇਕਰ ਰਾਸ਼ਟਰਪਤੀ ਬਣੇ ਰਹਿਣਗੇ। ਇਸ ਸਾਲ ਲੂਲਾ 6ਵੀਂ ਵਾਰ ਰਾਸ਼ਟਰਪਤੀ ਦੇ ਅਹੁਦੇ ਲਈ ਖੜ੍ਹਾ ਹੋਇਆ, ਜਿਸ ਵਿਚ ਉਹ ਜਿੱਤ ਗਿਆ। ਉਨ੍ਹਾਂ ਨੇ ਪਹਿਲੀ ਵਾਰ 1989 'ਚ ਚੋਣ ਲੜੀ ਸੀ। ਇਹ ਤੀਜੀ ਵਾਰ ਹੋਵੇਗਾ ਜਦੋਂ ਲੂਲਾ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਗੇ। ਇਸ ਤੋਂ ਪਹਿਲਾਂ ਉਹ 2003 ਤੋਂ 2010 ਦਰਮਿਆਨ ਦੋ ਵਾਰ ਰਾਸ਼ਟਰਪਤੀ ਚੁਣੇ ਗਏ ਸਨ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਇੱਕ ਫੈਕਟਰੀ ਵਿੱਚ ਕੰਮ ਕਰਦੇ ਸਨ।
ਦੂਜੇ ਗੇੜ ਵਿੱਚ 50.90% ਵੋਟਾਂ
ਰਾਸ਼ਟਰਪਤੀ ਚੋਣ ਲਈ ਦੂਜੇ ਦੌਰ ਦੀ ਵੋਟਿੰਗ 30 ਅਕਤੂਬਰ ਨੂੰ ਹੋਈ। ਲੂਲਾ ਦਾ ਸਿਲਵਾ ਨੂੰ 50.90%, ਜਦੋਂ ਕਿ ਬੋਲਸੋਨਾਰੋ ਨੂੰ 49.10% ਵੋਟਾਂ ਮਿਲੀਆਂ। ਬ੍ਰਾਜ਼ੀਲ ਦੇ ਸੰਵਿਧਾਨ ਦੇ ਅਨੁਸਾਰ ਇੱਕ ਉਮੀਦਵਾਰ ਨੂੰ ਚੋਣ ਜਿੱਤਣ ਲਈ ਘੱਟੋ ਘੱਟ 50% ਵੋਟਾਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ। ਪਿਛਲੇ ਮਹੀਨੇ ਹੋਈ ਵੋਟਿੰਗ ਦੇ ਪਹਿਲੇ ਗੇੜ ਵਿੱਚ ਲੂਲਾ ਨੂੰ 48.4%, ਜਦੋਂ ਕਿ ਬੋਲਸੋਨਾਰੋ ਨੂੰ 43.23% ਵੋਟਾਂ ਮਿਲੀਆਂ।
580 ਦਿਨ ਰਿਹਾ ਜੇਲ੍ਹ ਵਿੱਚ
77 ਸਾਲਾ ਲੂਲਾ ਡਾ ਸਿਲਵਾ ਨੇ ਚੋਣ ਮੈਦਾਨ ਵਿਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਮੁਹਿੰਮ ਚਲਾਈ ਸੀ। ਉਨ੍ਹਾਂ ਕਿਹਾ ਕਿ ਬੋਲਸੋਨਾਰੋ ਦੇ ਦੌਰ 'ਚ ਭ੍ਰਿਸ਼ਟਾਚਾਰ ਵਧਿਆ ਹੈ। ਉਂਝ ਲੂਲਾ ਰਾਸ਼ਟਰਪਤੀ ਵੀ ਰਹਿ ਚੁੱਕੇ ਹਨ ਅਤੇ ਭ੍ਰਿਸ਼ਟਾਚਾਰ ਕਾਰਨ ਉਨ੍ਹਾਂ ਨੂੰ ਅਹੁਦਾ ਛੱਡਣਾ ਪਿਆ ਸੀ। ਭ੍ਰਿਸ਼ਟਾਚਾਰ ਦੇ ਦੋਸ਼ ਸਹੀ ਸਾਬਤ ਹੋਣ ਤੋਂ ਬਾਅਦ ਉਸ ਨੇ 580 ਦਿਨ ਜੇਲ੍ਹ ਵਿਚ ਬਿਤਾਏ।
ਹੁਣ ਦੁਨੀਆ ਦੀਆਂ ਨਜ਼ਰਾਂ ਬੋਲਸੋਨਾਰੋ 'ਤੇ
ਰਾਸ਼ਟਰਪਤੀ ਦੀ ਚੋਣ ਤੋਂ ਬਾਅਦ ਪੂਰੀ ਦੁਨੀਆ ਦੀਆਂ ਨਜ਼ਰਾਂ ਹੁਣ ਬੋਲਸੋਨਾਰੋ ਅਤੇ ਉਨ੍ਹਾਂ ਦੇ ਸਮਰਥਕਾਂ 'ਤੇ ਹਨ। ਬੋਲਸੋਨਾਰੋ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਜੇਕਰ ਉਹ ਚੋਣ ਹਾਰ ਜਾਂਦੇ ਹਨ ਤਾਂ ਉਹ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਹ 'ਤੇ ਚੱਲਣਗੇ ਅਤੇ ਨਤੀਜਿਆਂ ਨੂੰ ਸਵੀਕਾਰ ਨਹੀਂ ਕਰਨਗੇ।ਹੁਣ ਉਸਦੀ ਹਾਰ ਤੋਂ ਬਾਅਦ ਦੇਸ਼ ਵਿੱਚ ਹਿੰਸਾ ਦਾ ਖ਼ਤਰਾ ਵੱਧ ਗਿਆ ਹੈ। ਭਾਰੀ ਪੁਲਸ ਬਲ ਤਾਇਨਾਤ ਕੀਤਾ ਗਿਆ ਹੈ। ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਦੇ ਅੰਦਰ ਹਥਿਆਰ ਨਾ ਲੈ ਕੇ ਜਾਣ ਦੇ ਹੁਕਮਾਂ ਦੇ ਬਾਵਜੂਦ ਬੋਲਸੋਨਾਰੋ ਦੇ ਸਮਰਥਕ ਕਈ ਥਾਵਾਂ 'ਤੇ ਹਥਿਆਰਾਂ ਨਾਲ ਖੁੱਲ੍ਹੇਆਮ ਘੁੰਮ ਰਹੇ ਸਨ। ਉਹ ਵੋਟਰਾਂ ਨੂੰ ਧਮਕਾਉਣ ਵਿੱਚ ਲੱਗਾ ਹੋਏ ਸਨ।
ਪੜ੍ਹੋ ਇਹ ਅਹਿਮ ਖ਼ਬਰ-ਹਾਂਗਕਾਂਗ ਨੇ ਗ੍ਰੈਜੂਏਟਸ ਤੇ ਉੱਚ ਆਦਮਨੀ ਵਾਲੇ ਲੋਕਾਂ ਲਈ ਸ਼ੁਰੂ ਕੀਤੀ ਨਵੀਂ ਵੀਜ਼ਾ ਸਕੀਮ, ਪੜ੍ਹੋ ਪੂਰੀ ਖ਼ਬਰ
ਸਿਆਸਤਦਾਨ ਬੁਲੇਟ ਪਰੂਫ਼ ਜੈਕਟ ਪਾ ਕੇ ਕਰ ਰਹੇ ਸਨ ਚੋਣ ਪ੍ਰਚਾਰ
ਇਸ ਵਾਰ ਬ੍ਰਾਜ਼ੀਲ 'ਚ ਸਿਆਸੀ ਨਫਰਤ ਇੰਨੀ ਵਧ ਗਈ ਕਿ ਬੋਲਸੋਨਾਰੋ ਅਤੇ ਲੂਲਾ ਦੋਵੇਂ ਬੁਲੇਟ ਪਰੂਫ ਜੈਕਟ ਪਾ ਕੇ ਚੋਣ ਪ੍ਰਚਾਰ ਕਰਦੇ ਨਜ਼ਰ ਆਏ। ਹਾਲ ਹੀ ਵਿੱਚ ਰਾਸ਼ਟਰਪਤੀ ਬੋਲਸੋਨਾਰੋ ਦੇ ਇੱਕ ਸਮਰਥਕ ਨੇ ਲੂਲਾ ਸਮਰਥਕ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਬੋਲਸੋਨਾਰੋ 'ਤੇ ਪਿਛਲੀਆਂ ਚੋਣਾਂ ਦੌਰਾਨ ਪ੍ਰਚਾਰ ਦੌਰਾਨ ਵੀ ਹਮਲਾ ਹੋਇਆ ਸੀ।ਦਰਅਸਲ ਬ੍ਰਾਜ਼ੀਲ ਵਿੱਚ ਗੈਂਗ ਕਲਚਰ ਇੱਥੇ ਵੱਧ ਅਪਰਾਧ ਦਾ ਕਾਰਨ ਹੈ। ਚੋਣਾਂ ਦੌਰਾਨ ਵੱਡੀਆਂ ਸਿਆਸੀ ਪਾਰਟੀਆਂ ਹਿੰਸਾ ਫੈਲਾਉਣ ਅਤੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਇਨ੍ਹਾਂ ਗਰੋਹਾਂ ਨੂੰ ਨਿਯੁਕਤ ਕਰਦੀਆਂ ਹਨ। ਚੋਣ ਪ੍ਰਚਾਰ ਦੌਰਾਨ ਹੀ ਸਿਆਸੀ ਹਿੰਸਾ ਦੀਆਂ 250 ਤੋਂ ਵੱਧ ਘਟਨਾਵਾਂ ਵਾਪਰੀਆਂ। ਇਨ੍ਹਾਂ 'ਚ 2000 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।
ਨਵੀਂ ਸਰਕਾਰ ਸਾਹਮਣੇ 3 ਵੱਡੀਆਂ ਚੁਣੌਤੀਆਂ
ਲੂਲਾ ਦੀ ਸਰਕਾਰ ਨੂੰ ਤਿੰਨ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਪਹਿਲਾ ਵਾਤਾਵਰਣ ਸੰਤੁਲਨ - ਅਮੇਜ਼ਨ ਜੰਗਲ ਦਾ 60% ਬ੍ਰਾਜ਼ੀਲ ਵਿੱਚ ਹੈ। ਇਹ ਵਿਸ਼ਵ ਦੇ ਜਲਵਾਯੂ ਦੇ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਗਲੋਬਲ ਵਾਰਮਿੰਗ ਨਾਲ ਲੜਨ ਵਿਚ ਵੀ ਮਦਦ ਕਰਦਾ ਹੈ। ਪਰ ਬ੍ਰਾਜ਼ੀਲ ਨੂੰ ਜੰਗਲਾਂ ਦੀ ਅੱਗ, ਗੈਰ-ਕਾਨੂੰਨੀ ਖੱਡਾਂ ਅਤੇ ਦਰੱਖਤਾਂ ਦੀ ਕਟਾਈ ਕਾਰਨ 90 ਸਾਲਾਂ ਵਿੱਚ ਸਭ ਤੋਂ ਭਿਆਨਕ ਸੋਕੇ ਦਾ ਸਾਹਮਣਾ ਕਰਨਾ ਪਿਆ। ਲੂਲਾ ਹਮੇਸ਼ਾ ਵਾਤਾਵਰਨ ਸੁਰੱਖਿਆ ਦੇ ਪੱਖ 'ਚ ਰਿਹਾ ਹੈ। ਉਨ੍ਹਾਂ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਹੁਣ ਬ੍ਰਾਜ਼ੀਲ ਦਰੱਖਤਾਂ ਦੀ ਕਟਾਈ ਵਰਗੀਆਂ ਸਮੱਸਿਆਵਾਂ 'ਤੇ ਕਾਬੂ ਪਾ ਸਕਦਾ ਹੈ।
ਦੂਜਾ - ਭੁੱਖਮਰੀ. ਬ੍ਰਾਜ਼ੀਲ ਵਿੱਚ, 33 ਮਿਲੀਅਨ ਲੋਕ ਭੁੱਖਮਰੀ ਦੀ ਕਗਾਰ 'ਤੇ ਹਨ, ਜੋ 2004 ਤੋਂ ਬਾਅਦ ਸਭ ਤੋਂ ਵੱਧ ਹੈ। ਇਸ ਕਾਰਨ ਸਰਕਾਰ 'ਤੇ ਵਿਸ਼ਵ ਪੱਧਰ 'ਤੇ ਭੋਜਨ ਅਤੇ ਈਂਧਨ ਦੀਆਂ ਕੀਮਤਾਂ ਘਟਾਉਣ ਦਾ ਦਬਾਅ ਹੈ। ਤੀਜਾ - ਵਿਗੜਦੀ ਆਰਥਿਕਤਾ। ਬ੍ਰਾਜ਼ੀਲ ਦੁਨੀਆ ਦੀ 9ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਪਰ ਪਿਛਲੇ ਕੁਝ ਮਹੀਨਿਆਂ ਤੋਂ ਮਹਿੰਗਾਈ ਕਾਰਨ ਇੱਥੋਂ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧਾ ਅਮੀਰਾਂ ਨਾਲੋਂ ਗਰੀਬਾਂ ਨੂੰ ਜ਼ਿਆਦਾ ਮਾਰ ਰਿਹਾ ਹੈ, ਜਿਨ੍ਹਾਂ ਦੀ ਔਸਤ ਰੋਜ਼ਾਨਾ ਖਰਚ ਕਰਨ ਦੀ ਸਮਰੱਥਾ $1.90 (150 ਰੁਪਏ) ਤੋਂ ਘੱਟ ਹੈ। ਸਿਟੀਗਰੁੱਪ ਦੇ ਮੁੱਖ ਅਰਥ ਸ਼ਾਸਤਰੀ ਅਰਨੇਸਟੋ ਰੇਵਿਲਾ ਨੇ ਕਿਹਾ - ਮਹਿੰਗਾਈ ਦਾ ਇਹ ਦੌਰ ਗਰੀਬਾਂ ਅਤੇ ਆਮਦਨ ਦੀ ਬਰਾਬਰ ਵੰਡ ਲਈ ਜ਼ਿਆਦਾ ਨੁਕਸਾਨਦਾਇਕ ਹੈ। ਇਸ ਤੋਂ ਸਾਫ਼ ਹੈ ਕਿ ਹੁਣ ਅਸ਼ਾਂਤੀ ਵਧਣ ਦੀ ਸੰਭਾਵਨਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।