“ਫੈਸਟੀਵਲ ਆਫ ਫੇਥਸ’ ''ਚ ਸਿੱਖਾਂ ਨੇ ਕੀਤੀ ਸ਼ਮੂਲੀਅਤ, ਮਹਿਮਾਨਾਂ ਦੇ ਸਜਾਈਆਂ ਗਈਆਂ ਦਸਤਾਰਾਂ

Monday, Sep 02, 2024 - 11:14 AM (IST)

“ਫੈਸਟੀਵਲ ਆਫ ਫੇਥਸ’ ''ਚ ਸਿੱਖਾਂ ਨੇ ਕੀਤੀ ਸ਼ਮੂਲੀਅਤ, ਮਹਿਮਾਨਾਂ ਦੇ ਸਜਾਈਆਂ ਗਈਆਂ ਦਸਤਾਰਾਂ

ਨਿਊਯਾਰਕ (ਰਾਜ ਗੋਗਨਾ)- ਬੀਤੇ ਦਿਨ ਅਮਰੀਕਾ ਦੇ ਸੂਬੇ ਓਹਾਈਓ ਦੇ ਸ਼ਹਿਰ ਸਿਨਸਿਨੈਟੀ ਦੀ ਜ਼ੇਵੀਅਰ ਯੂਨੀਵਰਸਿਟੀ ਵਿਖੇ ਸੱਤਵਾਂ ਸਲਾਨਾ ‘ਸਿਨਸਨੈਟੀ ਫੈਸਟੀਵਲ ਆਫ ਫੇਥਸ’ (ਵਿਸ਼ਵ ਧਰਮ ਸੰਮੇਲਨ) ਦਾ ਆਯੋਜਨ ਕੀਤਾ ਗਿਆ। ‘ਇਕੁਏਜ਼ਨ’ਸੰਸਥਾ ਵੱਲੋਂ ਕਰਵਾਏ ਜਾਂਦੇ ਇਸ ਸੰਮੇਲਨ ਵਿੱਚ ਤਕਰੀਬਨ 13 ਪ੍ਰਮੁੱਖ ਵਿਸ਼ਵ ਧਰਮਾਂ ਦੇ ਲੋਕ ਅਤੇ 30 ਤੋਂ ਵੱਧ ਧਾਰਮਿਕ ਸੰਸਥਾਵਾਂ ਇਕ ਵਾਰ ਫਿਰ ਇਕਜੁੱਟ ਹੋਈਆਂ ਅਤੇ ਵੱਖ-ਵੱਖ ਧਰਮਾਂ, ਸਭਿਆਚਾਰਾਂ ਬਾਰੇ ਸਿੱਖਿਆ ਦੇਣ ਅਤੇ ਸਿੱਖਿਆ ਲੈਣ ਲਈ, ਵੱਡੀ ਗਿਣਤੀ ਵਿੱਚ ਸ਼ਾਮਲ  ਹੋਏ।ਇਸ ਸਮਾਗਮ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸਿੱਖ ਕਮਿਉਨਿਟੀ ਦੇ ਕਾਰਕੁੰਨ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਸਿਨਸਿਨੈਟੀ ਅਤੇ ਨੇੜਲੇ ਸ਼ਹਿਰ ਡੇਟਨ ਦੇ ਸਿੱਖਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ।ਅਤੇ ਪਿਛਲੇ ਸਾਲ ਵਾਂਗ ਸਿੱਖ ਭਾਈਚਾਰੇ ਵਲੋਂ ਆਏ ਹੋਏ ਮਹਿਮਾਨਾਂ ਲਈ ਲੰਗਰ ਦੀ ਵੀ ਸੇਵਾ ਕੀਤੀ ਗਈ। 

PunjabKesari

ਆਏ ਹੋਏ ਮਹਿਮਾਨਾਂ ਨੂੰ ਸਿੱਖ ਧਰਮ ਵਿੱਚ ਲੰਗਰ ਅਤੇ ਸੇਵਾ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ।ਇਸ ਫੈਸਟੀਵਲ ਦਾ ਉਦਘਾਟਨ ਵੱਖ-ਵੱਖ ਧਰਮਾਂ ਦੀ ਅਰਦਾਸ ਦੇ ਨਾਲ ਸ਼ੁਰੂ ਹੋਇਆ। ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਆਪਣੇ ਧਰਮ ਦੇ ਅਕੀਦੇ ਮੁਤਾਬਕ ਪ੍ਰਰਮਾਤਮਾ ਦਾ ਗੁਣ ਗਾਇਨ ਕੀਤਾ। ਮਰਹੂਮ ਜੈਪਾਲ ਸਿੰਘ ਜੋ ਕਿ ਇਸ ਸੰਮੇਲਨ ਦੇ ਮੁੱਖ ਸੰਸਥਾਪਕਾਂ ਵਿੱਚੋਂ ਸਨ। ਉਨ੍ਹਾਂ ਦੀ ਪਤਨੀ ਬੀਬੀ ਅਸੀਸ ਕੌਰ ਨੇ ਸਿੱਖ ਧਰਮ ਦੀਆਂ ਮੂਲ ਬੁਨਿਆਦੀ ਸਿੱਖਿਆਵਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ‘ਚ ਗੁਰੂ ਸਾਹਿਬ ਫੁਰਮਾਉਂਦੇ ਹਨ ‘ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿਆਈ’ਜਿਸ ਦਾ ਸੁਨੇਹਾ ਹੈ ‘ਮੈਨੂੰ ਕੋਈ ਵੈਰੀ ਨਹੀਂ ਦਿੱਸਦਾ, ਕੋਈ  ਬੈਗਾਨਾ  ਨਹੀਂ ਦਿੱਸਦਾ, ਸਭਨਾਂ ਨਾਲ ਮੇਰਾ ਪਿਆਰ ਬਣਿਆ ਹੋਇਆ ਹੈ।ਇਸ ਮੌਕੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਪੰਜਾਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਵੀ ਇਸ ਪ੍ਰੋਗਰਾਮ ‘ਚ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ। ਉਨ੍ਹਾਂ ਸਿੱਖ ਭਾਈਚਾਰੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ‘ਆਪਣੀ ਕੌਮੀ ਹਾਜਰੀ ਲਵਾਉਣ ਵਾਸਤੇ, ਆਪਣੀ ਕੌਮੀ ਪਹਿਚਾਣ ਸੰਸਾਰ ਸਾਹਮਣੇ ਰੱਖਣ ਲਈ ਜਿਸ ਤਰ੍ਹਾਂ ਸਿੱਖ ਭਾਈਚਾਰਾ ਯਤਨਸ਼ੀਲ ਹੈ, ਮੈਂ ਇਨ੍ਹਾਂ ਦੀ ਭਾਵਨਾ ਨੂੰ ਮੈਂ  ਨਮਸਕਾਰ ਕਰਦਾ ਹਾਂ। ਜੋ  ਆਪਣੀ ਕਿਰਤ ਦੇ ਨਾਲ ਨਾਲ ਇਹ ਕੌਮ ਦਾ ਨਾਮ ਉੱਚਾ ਕਰ ਰਹੇ ਹਨ, ਗੁਰੂ ਸਾਹਿਬ ਜੀ ਇਨ੍ਹਾਂ ਨੂੰ ਚੜਦੀ ਕਲਾ ਬਖਸ਼ਣ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਇਟਲੀ : ਵਿਸ਼ਾਲ ਨਗਰ ਕੀਰਤਨ 8 ਸਤੰਬਰ ਨੂੰ

ਹਜ਼ੂਰੀ ਰਾਗੀ ਭਾਈ ਬਿਕਰਮਜੀਤ ਸਿੰਘ, ਭਾਈ ਚਰਨਬੀਰ ਸਿੰਘ ਰਬਾਬੀ, ਭਾਈ ਪ੍ਰਭਜੋਤ ਸਿੰਘ ਦੇ ਜੱਥੇ ਨੇ ਸਿੱਖ ਸੰਗਤ ਸਣੇ ਸ਼ਬਦ ਕੀਰਤਨ “ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ’ਗਾਇਨ ਕੀਤਾ। ਵੱਖ-ਵੱਖ ਧਰਮਾਂ ਦੇ ਸਿਮਰਨ ਦੇ ਸੈਸ਼ਨ ‘ਚ ਸਿੱਖ ਭਾਈਚਾਰੇ ਵਲੋਂ ਬੀਬੀ ਮਿਹਰ ਕੌਰ ਨੇ ਦਿਲਰੁਬਾ ਨਾਲ ਮੂਲ-ਮੰਤਰ ਦਾ ਗਾਇਨ ਅਤੇ ਵਾਹਿਗੁਰੂ ਜੀ ਦਾ ਸਿਮਰਨ ਕੀਤਾ। ਇਸ ਮੌਕੇ ਸਿੱਖ ਪ੍ਰਦਰਸ਼ਨੀ ਵਿੱਚ ਪੁਸਤਕਾਂ ਤੋਂ ਇਲਾਵਾ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਲਈ ਕਕਾਰ ਵੀ ਰੱਖੇ ਗਏ। ਆਏ ਹੋਏ ਮਹਿਮਾਨਾਂ ਨੂੰ ਦਸਤਾਰਾਂ  ਬੰਨਣ ਤੇ ਉਸ ਦੀ ਮਹੱਤਤਾ ਬਾਰੇ ਜਾਣੂ ਕਰਾਉਣ ਲਈ ਸੈਸ਼ਨ ਦਾ ਪ੍ਰਬੰਧ ਕੀਤਾ ਗਿਆ। ਦਸਤਾਰ ਸਜਾ ਕੇ ਬੱਚੇ, ਵੱਡੇ, ਬਜ਼ੁਰਗ ਬਹੁਤ ਹੀ ਉਤਸ਼ਾਹਿਤ ਦੇ ਨਾਲ ਤਸਵੀਰਾਂ ਲੈਂਦੇ ਅਤੇ ਮਾਣ ਨਾਲ ਸੰਮੇਲਨ ਵਿੱਚ ਨਜ਼ਰ ਆਏ।ਇਸ ਮੌਕੇ  ਸਿਨਸਿਨੈਟੀ ਦੇ ਮੇਅਰ ਆਫਤਾਬ ਪੁਰੇਵਾਲ ਨੇ ਕਿਹਾ, “ਅੱਜ ਕਈ ਧਰਮਾਂ ਤੋਂ ਲੋਕ ਇਸ ਸਮਾਗਮ ‘ਚ ਸ਼ਾਂਤੀ, ਆਪਸੀ ਪਿਆਰ ਅਤੇ ਜਾਣਕਾਰੀ ਵਧਾਉਣ ਲਈ ਇਕੱਠੇ ਹੋਏ ਹਨ। ਮੈਨੂੰ ਇਸ ਤੱਥ ‘ਤੇ ਮਾਣ ਹੈ ਕਿ ਮੇਰੇ ਪਿਤਾ ਜੀ ਵੀ ਇੱਕ ਸਿੱਖ ਹਨ। ਸਿਨਸਿਨੈਟੀ, ਡੇਟਨ ਅਤੇ ਓਹਾਇਓ ਦੇ ਹੋਰਨਾਂ ਸ਼ਹਿਰਾਂ ਤੋਂ ਸਾਰੇ ਸਿੱਖ ਆਪਣੇ ਧਰਮ ਬਾਰੇ ਜਾਣਕਾਰੀ ਦੇਣ ਅਤੇ ਲੰਗਰ ਦੀ ਪ੍ਰਥਾ ਨੂੰ ਸਾਂਝਾ ਕਰਨ ਲਈ  ਪਹੁੰਚੇ ਹੋਏ ਸਨ। ਜਿਸ ਵਿੱਚ ਲੰਗਰ ਸਿੱਖ ਧਰਮ ਵਿੱਚ ਜੋ ਇਕ ਐਸੀ ਪਰੰਪਰਾ ਹੈ ਜੋ ਦੱਸਦੀ ਹੈ ਕਿ ਹਰ ਕੋਈ ਰੱਬ ਦੀ ਨਜ਼ਰ ਵਿੱਚ ਬਰਾਬਰ ਹੈ। ਤੁਸੀਂ ਦੁਨੀਆਂ ਭਰ ਦੇ ਕਿਸੇ ਵੀ ਗੁਰਦੁਆਰੇ ਵਿੱਚ ਜਾ ਸਕਦੇ ਹੋ ਅਤੇ ਲੰਗਰ ਛੱਕ ਸਕਦੇ ਹੋ। ਮੈਨੂੰ ਸਿੱਖ ਭਾਈਚਾਰੇ ‘ਤੇ ਬਹੁਤ ਮਾਣ ਹੈ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਮੇਅਰ ਪੁਰੇਵਾਲ ਨੇ ਕੀਤਾ।ਇਸ ਮੌਕੇ ਸਿੱਖ ਭਾਈਚਾਰੇ ਵੱਲੋਂ ਫੈਸਟੀਵਲ ਦੇ ਸੰਸਥਾਪਕਾਂ ਵਿੱਚੋ ਮਰਹੂਮ  ਜੈਪਾਲ ਸਿੰਘ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਸਮਾਗਮ ਨਾਲ ਸਿਨਸਿਨਾਟੀ ਦੇ ਵੱਖ -ਵੱਖ ਭਾਈਚਾਰਿਆਂ ਵਿੱਚ ਆਪਸੀ ਸਿੱਖਿਆ, ਸੰਬੰਧ, ਹਮਦਰਦੀ, ਸਮਝ ਅਤੇ ਪਿਆਰ ਪੈਦਾ ਹੋ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News