ਅਮਰੀਕਾ ਨੇ ਈਰਾਨ ''ਚ ਬੈਲਿਸਟਿਕ ਮਿਜ਼ਾਈਲ ਬਣਾਉਣ ਵਾਲੀ ਵੱਡੀ ਫੈਕਟਰੀ ਕੀਤੀ ਤਬਾਹ
Thursday, Mar 12, 2026 - 12:32 AM (IST)
ਵਾਸ਼ਿੰਗਟਨ : ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਅਮਰੀਕੀ ਫੌਜ ਨੇ ਈਰਾਨ ਦੀ ਫੌਜੀ ਸਮਰੱਥਾ ਨੂੰ ਵੱਡਾ ਝਟਕਾ ਦਿੱਤਾ ਹੈ। ਅਮਰੀਕੀ ਮੱਧ ਕਮਾਨ (US Central Command) ਦੇ ਲੈਫਟੀਨੈਂਟ ਜਨਰਲ ਬ੍ਰੈਡ ਕੂਪਰ ਨੇ ਐਲਾਨ ਕੀਤਾ ਹੈ ਕਿ ਮੰਗਲਵਾਰ ਰਾਤ ਅਮਰੀਕੀ ਬੰਬਾਰ ਜਹਾਜ਼ਾਂ ਨੇ ਈਰਾਨ ਵਿੱਚ ਸਥਿਤ ਬੈਲਿਸਟਿਕ ਮਿਜ਼ਾਈਲਾਂ ਬਣਾਉਣ ਵਾਲੇ ਇੱਕ ਬਹੁਤ ਵੱਡੇ ਕਾਰਖਾਨੇ ਨੂੰ ਨਿਸ਼ਾਨਾ ਬਣਾ ਕੇ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ।
ਜਨਰਲ ਕੂਪਰ ਨੇ ਸੋਸ਼ਲ ਮੀਡੀਆ 'ਤੇ ਜਾਰੀ ਕੀਤੇ ਇੱਕ ਵੀਡੀਓ ਵਿੱਚ 'ਆਪ੍ਰੇਸ਼ਨ ਐਪਿਕ ਫਿਊਰੀ' (Operation Epic Fury) ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕਾ ਯੋਜਨਾਬੱਧ ਤਰੀਕੇ ਨਾਲ ਈਰਾਨ ਦੇ ਰੱਖਿਆ ਉਦਯੋਗਾਂ, ਮਿਜ਼ਾਈਲਾਂ ਅਤੇ ਡਰੋਨਾਂ 'ਤੇ ਹਮਲੇ ਕਰਕੇ ਉਸ ਦੀ ਫੌਜੀ ਤਾਕਤ ਨੂੰ ਖ਼ਤਮ ਕਰ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਮਰੀਕਾ ਦਾ ਮਕਸਦ ਸਿਰਫ਼ ਮੌਜੂਦਾ ਖ਼ਤਰਿਆਂ ਨੂੰ ਰੋਕਣਾ ਹੀ ਨਹੀਂ, ਸਗੋਂ ਭਵਿੱਖ ਦੇ ਖ਼ਤਰਿਆਂ ਨੂੰ ਜੜ੍ਹੋਂ ਮਿਟਾਉਣਾ ਹੈ।
ਜਨਰਲ ਕੂਪਰ ਨੇ ਦੱਸਿਆ ਕਿ ਜਦੋਂ ਤੋਂ ਈਰਾਨ ਨਾਲ ਯੁੱਧ ਸ਼ੁਰੂ ਹੋਇਆ ਹੈ, ਅਮਰੀਕਾ ਨੇ ਹੁਣ ਤੱਕ ਉਸ ਦੇ 5,500 ਤੋਂ ਵੱਧ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ, ਜਿਨ੍ਹਾਂ ਵਿੱਚ 60 ਤੋਂ ਵੱਧ ਸਮੁੰਦਰੀ ਜਹਾਜ਼ ਵੀ ਸ਼ਾਮਲ ਹਨ। ਮੰਗਲਵਾਰ ਨੂੰ ਹੀ ਅਮਰੀਕਾ ਨੇ ਈਰਾਨ ਦੇ ਅੰਦਰ ਵੱਖ-ਵੱਖ ਦਿਸ਼ਾਵਾਂ ਤੋਂ ਲਗਭਗ ਹਰ ਘੰਟੇ ਹਮਲੇ ਕੀਤੇ।
ਅਮਰੀਕੀ ਕਾਰਵਾਈ ਵਿੱਚ ਈਰਾਨੀ ਜਲ ਸੈਨਾ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਅਮਰੀਕਾ ਨੇ ਈਰਾਨ ਦੇ 'ਸੁਲੇਮਾਨੀ ਕਲਾਸ' ਦੇ ਚਾਰ ਜੰਗੀਜਹਾਜ਼ਾਂ ਵਿੱਚੋਂ ਆਖਰੀ ਜਹਾਜ਼ ਨੂੰ ਵੀ ਨਸ਼ਟ ਕਰ ਦਿੱਤਾ ਹੈ, ਜਿਸ ਨਾਲ ਹੁਣ ਇਸ ਸ਼੍ਰੇਣੀ ਦੇ ਸਾਰੇ ਜਹਾਜ਼ ਲੜਾਈ ਤੋਂ ਬਾਹਰ ਹੋ ਗਏ ਹਨ। ਅਮਰੀਕਾ ਲਗਾਤਾਰ ਆਪਣੇ ਅਤਿ-ਆਧੁਨਿਕ ਲੜਾਕੂ ਜਹਾਜ਼ਾਂ ਰਾਹੀਂ ਹਵਾਈ ਖੇਤਰ ਵਿੱਚ ਦਬਾਅ ਬਣਾ ਕੇ ਰੱਖ ਰਿਹਾ ਹੈ ਤਾਂ ਜੋ ਹਾਰਮੁਜ਼ ਜਲਡਮਰੂਮੱਧ (Strait of Hormuz) ਵਿੱਚ ਸਮੁੰਦਰੀ ਜਹਾਜ਼ਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
