100 ਸਾਲ ਬਾਅਦ ਬ੍ਰਿਟੇਨ ਦੇ ਸਿੱਖ ਫ਼ੌਜੀਆਂ ਨੂੰ 'ਗੁਟਕਾ ਸਾਹਿਬ' ਰੱਖਣ ਦੀ ਮਿਲੀ ਇਜਾਜ਼ਤ
Thursday, Nov 10, 2022 - 12:05 PM (IST)
ਲੰਡਨ (ਆਈ.ਏ.ਐੱਨ.ਐੱਸ.): ਬ੍ਰਿਟੇਨ ਵਿੱਚ 100 ਸਾਲਾਂ ਵਿੱਚ ਪਹਿਲੀ ਵਾਰ ਸਿੱਖ ਫ਼ੌਜੀ ਜਵਾਨਾਂ ਨੂੰ ਨਿੱਤਨੇਮ ਗੁਟਕਾ ਸਾਹਿਬ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ।ਵੀਰਵਾਰ ਨੂੰ ਬੀਬੀਸੀ ਦੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਬੀਬੀਸੀ ਦੀ ਰਿਪੋਰਟ ਵਿੱਚ ਦੱਸਿਆ ਗਿਆ ਕਿ ਫ਼ੌਜੀ ਜੀਵਨ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਗੁਟਕਾ ਸਾਹਿਬ ਨੂੰ ਟਿਕਾਊ ਅਤੇ ਵਾਟਰਪਰੂਫ ਸਮੱਗਰੀ ਵਿੱਚ ਤਿੰਨ ਭਾਸ਼ਾਵਾਂ ਵਿੱਚ ਛਾਪਿਆ ਗਿਆ ਹੈ।ਜਦੋਂ ਕਿ ਬ੍ਰਿਟਿਸ਼ ਆਰਮੀ ਦੇ ਗੁਟਕਾ ਸਾਹਿਬ ਵਿੱਚ ਇੱਕ ਕੈਮਫਲੇਜ ਕਵਰ ਹੁੰਦਾ ਹੈ, ਉੱਥੇ ਰਾਇਲ ਨੇਵੀ ਅਤੇ ਆਰਏਐਫ ਵਿਚ ਗੁਟਕਾ ਸਾਹਿਬ ਨੇਵੀ ਬਲੂ ਹੁੰਦਾ ਹੈ।
ਮੇਜਰ ਦਲਜਿੰਦਰ ਸਿੰਘ ਵਿਰਦੀ, ਜੋ ਕਿ ਬ੍ਰਿਟਿਸ਼ ਫ਼ੌਜ ਵਿੱਚ ਹਨ ਅਤੇ ਗੁਟਕਾ ਸਾਹਿਬ ਦੀ ਵਾਪਸੀ ਲਈ ਦੋ ਸਾਲ ਮੁਹਿੰਮ ਚਲਾ ਚੁੱਕੇ ਹਨ, ਨੇ ਬੁੱਧਵਾਰ ਨੂੰ ਕਿਹਾ ਕਿ ਫ਼ੌਜ ਕਈ ਸਾਲਾਂ ਤੋਂ ਈਸਾਈ ਧਾਰਮਿਕ ਗ੍ਰੰਥ ਮੁਹੱਈਆ ਕਰਵਾ ਰਹੀ ਹੈ ਅਤੇ ਮੈਂ ਉੱਥੇ ਸਿੱਖ ਫ਼ੌਜੀਆਂ ਲਈ ਗੁਟਕਾ ਸਾਹਿਬ ਪ੍ਰਦਾਨ ਕਰਾਉਣ ਦਾ ਮੌਕਾ ਦੇਖਿਆ। ਨਿਤਨੇਮ ਗੁਟਕਾ ਸਾਹਿਬ ਵਿਲਟਸ਼ਾਇਰ ਵਿੱਚ ਛਾਪੇ ਗਏ ਸਨ ਅਤੇ ਉਹਨਾਂ ਨੂੰ ਸਿੱਖ ਮਰਿਯਾਦਾ ਮੁਤਾਬਕ ਇਕ ਸਿੰਘਾਸਣ 'ਤੇ ਰੱਖਿਆ ਗਿਆ ਸੀ।ਬੀਬੀਸੀ ਨੇ ਦੱਸਿਆ ਕਿ ਉਨ੍ਹਾਂ ਨੂੰ ਲੰਡਨ ਦੇ ਕੇਂਦਰੀ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿੱਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਅਧਿਕਾਰਤ ਤੌਰ 'ਤੇ 28 ਅਕਤੂਬਰ ਨੂੰ ਫ਼ੌਜੀ ਕਰਮਚਾਰੀਆਂ ਨੂੰ ਜਾਰੀ ਕੀਤਾ ਗਿਆ ਸੀ।
ਯੂ.ਕੇ. ਡਿਫੈਂਸ ਸਿੱਖ ਨੈਟਵਰਕ ਦੇ ਚੇਅਰਪਰਸਨ ਮੇਜਰ ਸਿੰਘ ਵਿਰਦੀ, ਜੋ ਦਿਨ ਵਿੱਚ ਤਿੰਨ ਵਾਰ ਆਪਣੇ ਨਿਤਨੇਮ ਗੁਟਕਾ ਸਾਹਿਬ ਦੀ ਵਰਤੋਂ ਕਰਦੇ ਹਨ, ਨੇ ਕਿਹਾ ਕਿ ਸਿੱਖਾਂ ਲਈ ਸਾਡੇ ਧਰਮ ਗ੍ਰੰਥ ਕੇਵਲ ਸ਼ਬਦ ਨਹੀਂ ਹਨ, ਇਹ ਸਾਡੇ ਗੁਰੂ ਦਾ ਜੀਵਤ ਸਰੂਪ ਹਨ। ਇਸ ਤੋਂ ਅਸੀਂ ਨੈਤਿਕ ਸ਼ਕਤੀ ਪ੍ਰਾਪਤ ਕਰਦੇ ਹਾਂ। ਹਰ ਰੋਜ਼ ਗ੍ਰੰਥਾਂ ਨੂੰ ਪੜ੍ਹਨ ਨਾਲ ਸਰੀਰਕ ਤਾਕਤ ਮਿਲਦੀ ਹੈ, ਇਹ ਸਾਨੂੰ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੇ ਹਨ ਅਤੇ ਅਧਿਆਤਮਿਕ ਤੌਰ 'ਤੇ ਅੱਗੇ ਵਧਣ ਵਿਚ ਮਦਦ ਕਰਦੇ ਹਨ।ਸਿੱਖ ਧਰਮ ਦੇ ਹੋਰ ਕਕਾਰਾਂ ਸ੍ਰੀ ਸਾਹਿਬ, ਕੜਾ ਅਤੇ ਲੱਕੜ ਦੇ ਕੰਘੇ ਸਮੇਤ ਨਿਤਨੇਮ ਗੁਟਕਾ ਸਾਹਿਬ ਪਹਿਲੀ ਵਾਰ ਇੱਕ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ ਫ਼ੌਜੀ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਸਨ, ਪਰ ਉਦੋਂ ਤੋਂ ਦੁਬਾਰਾ ਫਿਰ ਕਦੇ ਵੀ ਜਾਰੀ ਨਹੀਂ ਕੀਤੇ ਗਏ।
ਪੜ੍ਹੋ ਇਹ ਅਹਿਮ ਖ਼ਬਰ-ਮੇਟਾ ਨੇ ਛਾਂਟੀ ਤੋਂ ਪ੍ਰਭਾਵਿਤ H-1B ਵੀਜ਼ਾ ਧਾਰਕਾਂ ਨੂੰ ਦਿੱਤਾ ਇਮੀਗ੍ਰੇਸ਼ਨ ਮਦਦ ਦਾ ਭਰੋਸਾ
ਲੰਡਨ ਵਿੱਚ ਨੈਸ਼ਨਲ ਆਰਮੀ ਮਿਊਜ਼ੀਅਮ ਦੇ ਆਰਕਾਈਵਜ਼ ਵਿੱਚ ਇੱਕ ਮਿਲਟਰੀ ਲਈ ਜਾਰੀ ਕੀਤਾ ਗਿਆ ਨਿਤਨੇਮ ਗੁਟਕਾ ਸਾਹਿਬ ਹੈ।ਬੀਬੀਸੀ ਦੀ ਰਿਪੋਰਟ ਅਨੁਸਾਰ ਸਿੱਖ ਸਿਪਾਹੀਆਂ ਨੂੰ 1840 ਤੋਂ ਬਾਅਦ ਬ੍ਰਿਟਿਸ਼ ਫ਼ੌਜ ਵਿੱਚ ਭਰਤੀ ਕੀਤਾ ਗਿਆ ਸੀ।ਇਸ ਘਟਨਾਕ੍ਰਮ ਦੇ ਜਵਾਬ ਵਿੱਚ ਰੱਖਿਆ ਮੰਤਰਾਲੇ (MOD) ਨੇ ਬੁੱਧਵਾਰ ਨੂੰ ਕਿਹਾ ਕਿ ਉਹ "ਸਿੱਧੇ ਤੌਰ 'ਤੇ ਸਿੱਖਾਂ ਨੂੰ ਉਹਨਾਂ ਦੇ ਵਿਸ਼ਵਾਸ ਦੇ ਇੱਕ ਮੁੱਖ ਹਿੱਸੇ ਦਾ ਸਮਰਥਨ ਕਰਨ ਦੀ ਉਮੀਦ ਕਰਦਾ ਹੈ"।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।