ਕੈਨੇਡਾ 'ਚ ਸਿੱਖ ਪਰਿਵਾਰ ਦੀ ਦਰਿਆਦਿਲੀ, ਹਸਪਤਾਲ ਲਈ ਦਿੱਤੇ 61 ਕਰੋੜ ਰੁਪਏ
Friday, Jul 01, 2022 - 01:55 PM (IST)
ਟੋਰਾਂਟੋ (ਬਿਊਰੋ)- ਕੈਨੇਡਾ ਵਿਚ ਇਕ ਸਿੱਖ ਪਰਿਵਾਰ ਨੇ ਦਰਿਆਦਿਲੀ ਦਿਖਾਉਂਦੇ ਹੋਏ ਇਕ ਵੱਡੀ ਰਾਸ਼ੀ ਦਾਨ ਕਰਨ ਦਾ ਐਲਾਨ ਕੀਤਾ ਹੈ। ਕੈਨੇਡਾ ਦੇ ਸ਼ਹਿਰ ਬਰੈਂਪਟਨ ਤੋਂ ਟਰੱਕਿੰਗ ਕੰਪਨੀ ਬੀ.ਵੀ.ਡੀ. ਗਰੁੱਪ ਦੇ ਮਾਲਕ ਬਿਕਰਮ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਟੋਰਾਂਟੋ ਅਤੇ ਬਰੈਂਪਟਨ ਵਿਚ ਹਸਪਤਾਲ ਚਲਾ ਰਹੀ ਸੰਸਥਾ ਵਿਲੀਅਮ ਓਸਲਰ ਹੈਲਥ ਸਿਸਟਮ ਅਤੇ ਫਾਊਂਡੇਸ਼ਨ ਨੂੰ 10 ਮਿਲੀਅਨ ਡਾਲਰ (ਲਗਭਗ 61 ਕਰੋੜ ਰੁਪਏ) ਦਾਨ ਕਰਨ ਦਾ ਐਲਾਨ ਕੀਤਾ ਗਿਆ।ਇਸ ਬਾਰੇ ਰਸਮੀ ਕਾਰਵਾਈ ਵਿਚ ਬੀਤੇ ਦਿਨ ਓਸਲਰ ਸੰਸਥਾ ਦੇ ਅਧਿਕਾਰੀਆਂ, ਢਿੱਲੋਂ ਪਰਿਵਾਰ ਅਤੇ ਹੋਰਨਾਂ ਦੇ ਨਾਲ ਓਂਟਾਰੀਓ ਦੇ ਮੁੱਖ ਮੰਤਰੀ ਡਗਲਸ ਫੋਰਡ, ਸਿਹਤ ਮੰਤਰੀ ਸਿਲਵੀਆ ਜੋਨਜ਼, ਖਜ਼ਾਨਾ ਮੁਖੀ ਪ੍ਰਭਮੀਤ ਸਰਕਾਰੀਆ, ਬਰੈਂਪਟਨ ਦੇ ਮੇਅਰ ਪੈਟਿ੍ਕ ਬਰਾਊਨ ਨੇ ਵੀ ਸ਼ਮੂਲੀਅਤ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਦਿਸਿਆ ਅਜੀਬੋ ਗਰੀਬ 'landspout', ਲੋਕ ਹੋਏ ਹੈਰਾਨ (ਵੀਡੀਓ)
ਢਿੱਲੋਂ ਨੇ ਆਖਿਆ ਕਿ ਸਿਹਤ ਸਹੂਲਤਾਂ ਦੀ ਹਰੇਕ ਨੂੰ ਜ਼ਰੂਰਤ ਹੈ ਜਿਸ ਕਰਕੇ ਹਸਪਤਾਲਾਂ ਲਈ ਯੋਗਦਾਨ ਪਾਉਣਾ ਜ਼ਰੂਰੀ ਹੈ। ਇਸ ਮੌਕੇ ਉਨ੍ਹਾਂ ਦੀ ਪਤਨੀ ਵਰਿੰਦਰ ਕੌਰ ਢਿੱਲੋਂ ਤੇ ਬੇਟਾ ਚੰਨਵੀਰ ਢਿੱਲੋਂ ਵੀ ਹਾਜ਼ਰ ਸਨ। ਢਿੱਲੋਂ ਨੇ 1999 ਵਿਚ ਪੈਟਰੋਲ ਪੰਪ ਦਾ ਕਾਰੋਬਾਰ ਸ਼ੁਰੂ ਕੀਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਟਰੱਕਿੰਗ ਕੰਪਨੀਆਂ ਅਤੇ ਡਰਾਈਵਰਾਂ ਨੂੰ ਸਹੂਲਤਾਂ ਦੇਣ ਲਈ ਦਰਜਨ ਤੋਂ ਵੱਧ ਟਰੱਕ ਸਟਾਪ ਸਥਾਪਿਤ ਕੀਤੇ ਅਤੇ ਕੈਨੇਡਾ ਦੀ ਟਰਾਂਸਪ੍ਰੋਟੇਸ਼ਨ ਇੰਡਸਟਰੀ ਵਿਚ ਆਪਣਾ ਅਹਿਮ ਸਥਾਨ ਬਣਾਇਆ। ਢਿੱਲੋਂ ਪਰਿਵਾਰ ਵਲੋਂ ਵੱਡੀ ਰਕਮ ਦਾਨ ਕਰਨ ਤੋਂ ਬਾਅਦ ਕੈਨੇਡਾ ਵਿਚ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਮਾਣ ਮਹਿਸੂਸ ਕੀਤਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।