ਸਿੱਖਸ ਆਫ ਅਮਰੀਕਾ ਅਤੇ ਸਿੱਖ ਭਾਈਚਾਰੇ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ PM ਮੋਦੀ ਦੀ ਕੀਤੀ ਤਾਰੀਫ਼
Friday, Dec 24, 2021 - 10:51 AM (IST)
 
            
            ਵਾਸ਼ਿੰਗਟਨ (ਰਾਜ ਗੋਗਨਾ/ਭਾਸ਼ਾ)- ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਮੰਨਣ ਦਾ ਵਾਅਦਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਸਰਕਾਰ ਦਾ ਧੰਨਵਾਦ ਕਰਨ ਲਈ ਸਿੱਖਸ ਆਫ ਅਮਰੀਕਾ ਤੇ ਸਿੱਖ ਆਗੂਆਂ ਵੱਲੋਂ ਵਰਜੀਨੀਆ 'ਚ ਇਕ ਧੰਨਵਾਦ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਓਵਰਸੀਜ਼ ਫਰੈਂਡਜ਼ ਆਫ ਬੀ .ਜੇ .ਪੀ (ਓ.ਐਫ .ਬੀ .ਜੇ. ਪੀ) ਦੀ ਲੀਡਰਸ਼ਿਪ ਵੀ ਪਹੁੰਚੀ, ਜਿਸਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ। ਕਿਉਂਕਿ ਇਸ ਲੀਡਰਸ਼ਿਪ ਨੇ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਕ ਕਿਸਾਨੀ ਸੰਘਰਸ਼ ਦੀ ਹਕੀਕਤ ਪੁੱਜਦੀ ਕੀਤੀ ਸੀ।
ਇਹ ਵੀ ਪੜ੍ਹੋ : Tik Tok ਬਣੀ 2021 ਦੀ ਮੋਸਟ ਪਾਪੁਲਰ ਵੈੱਬਸਾਈਟ

ਸਿੱਖ ਭਾਈਚਾਰੇ ਨੇ ਭਾਰਤ ਵਿਚ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿਚ ਕਿਸਾਨਾਂ ਦੇ ਮੁੱਦਿਆਂ ਨੂੰ ਸਹੀ ਢੰਗ ਨਾਲ ਹੱਲ ਕੀਤਾ ਗਿਆ ਹੈ। ਸੰਸਦ ਵਿਚ ਪਿਛਲੇ ਸਾਲ ਸਤੰਬਰ 'ਚ ਪਾਸ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਬਿੱਲ ਪਾਸ ਕੀਤਾ ਗਿਆ। ਪਿਛਲੇ ਸਾਲ ਤੋਂ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਮੁੱਖ ਤੌਰ 'ਤੇ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਸਨ।
ਇਹ ਵੀ ਪੜ੍ਹੋ : ਅਮਰੀਕਾ ’ਚ ਕੋਵਿਡ-19 ਰੋਕੂ ਦਵਾਈ ਨੂੰ ਮਿਲੀ ਮਨਜ਼ੂਰੀ, ਬਾਈਡੇਨ ਨੇ ਦੱਸਿਆ ‘ਮਹੱਤਵਪੂਰਨ ਕਦਮ’

ਇਸ ਮੌਕੇ 'ਸਿੱਖਸ ਆਫ ਅਮਰੀਕਾ' ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਸੰਬੋਧਨ ਕਰਦਿਆਂ ਕਿਹਾ, 'ਅਮਰੀਕਾ ਦਾ ਸਿੱਖ ਭਾਈਚਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਫੈਸਲੇ ਦੀ ਤਾਰੀਫ਼ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਹਮੇਸ਼ਾ ਹੀ ਭਾਰਤ ਵਿਚ ਸਿੱਖ ਭਾਈਚਾਰੇ ਅਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ।' ਉਨ੍ਹਾਂ ਵਿਸ਼ੇਸ਼ ਤੌਰ 'ਤੇ ਸਮਾਗਮ ਵਿਚ ਸ਼ਾਮਲ ਹੋਏ ਭਾਰਤੀ ਦੂਤਵਾਸ ਦੇ ਕਮਿਊਨਟੀ ਮਨਿਸਟਰ ਸ੍ਰੀ ਅੰਸ਼ੂ ਸ਼ਰਮਾ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਜਦੋਂ ਵੀ ਸਿੱਖਸ ਆਫ ਅਮਰੀਕਾ ਵੱਲੋਂ ਭਾਰਤੀ ਸਰਕਾਰ ਦੇ ਨਾਂ ਮੈਮੋਰੰਡਮ ਦਿੱਤਾ ਤਾਂ ਭਾਰਤੀ ਦੂਤਾਵਾਸ ਦੇ ਪ੍ਰਸ਼ਾਸਨ ਨੇ ਉਹ ਸਮੇਂ ਸਿਰ ਭਾਰਤ ਸਰਕਾਰ ਤੱਕ ਪੁੱਜਦਾ ਕੀਤਾ। ਇਸ ਸਮਾਗਮ ਵਿਚ ਕੰਵਲਜੀਤ ਸਿੰਘ ਸੋਨੀ, ਚਤਰ ਸਿੰਘ, ਸਰਬਜੀਤ ਸਿੰਘ ਬਖਸ਼ੀ ,ਹਰਬੀਰ ਬੱਤਰਾ, ਪ੍ਰਭਜੋਤ ਬੱਤਰਾ, ਡਾ. ਦਰਸ਼ਨ ਸਲੂਜਾ, ਗੁਰਵਿੰਦਰ ਸੇਠੀ ,ਸੁਰਜੀਤ ਮਾਨ, ਬਲਜਿੰਦਰ ਸਿੰਘ ਸ਼ੰਮੀ, ਸੁਖਪਾਲ ਸਿੰਘ ਧਨੋਆ ,ਵਰਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।
ਇਹ ਵੀ ਪੜ੍ਹੋ : ਜਦੋਂ ਬੇਕਰੀ ਦੇ ਕਰਮਚਾਰੀ ਨੇ ਕੇਕ ’ਤੇ ‘ਮੈਰੀ ਕ੍ਰਿਸਮਸ’ ਲਿਖਣ ਤੋਂ ਕੀਤਾ ਇਨਕਾਰ ਤਾਂ ਪਿਆ ਬਖੇੜਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            