ਲਾਂਘਾ ਖੋਲ੍ਹੇ ਜਾਣ 'ਤੇ ਸਿੱਖ ਅਮਰੀਕਨ ਲੇਖਿਕਾ ਨੇ ਪਾਕਿ ਪੀ.ਐੱਮ. ਨੂੰ ਲਿਖੀ ਚਿੱਠੀ

01/15/2019 1:21:52 PM


ਨਿਊਯਾਰਕ, (ਜ.ਬ.)–ਪੰਜਾਬੀ ਮੂਲ ਦੀ ਸਿੱਖ ਅਮਰੀਕਨ ਲੇਖਿਕਾ ਗੁਰਮੀਤ ਕੌਰ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਸਬੰਧੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਚਿੱਠੀ ਲਿਖੀ ਜਿਸ ’ਚ ਉਨ੍ਹਾਂ ਕਿਹਾ ਕਿ ਜਨਾਬ, ਮੈਂ ਪੰਜਾਬੀ ਮੂਲ ਦੀ ਸਿੱਖ ਅਮਰੀਕਨ ਲਿਖਾਰੀ ਹਾਂ। ਮੈਂ ਅਟਲਾਂਟਾ, ਜਾਰਜੀਆ ਅਤੇ ਅਮਰੀਕਾ ਲਈ ਸਮਾਜੀ ਕਾਰਕੁੰਨ ਹਾਂ ਅਤੇ ਅੱਜ–ਕੱਲ ਕੈਨੇਡਾ ਰਹਿੰਦੀ ਹਾਂ। ਸਾਲ 2018 ਦੇ ਫਰਵਰੀ ਮਹੀਨੇ ਆਪਣੀ ਕਿਤਾਬ ਪ੍ਰਕਾਸ਼ਿਤ ਕਰਨ ਮੈਂ ਲਾਹੌਰ ਅਤੇ ਲਾਇਲਪੁਰ ਆਈ ਸੀ। ਉਦੋਂ ਹੀ ਮੈਂ ਪਹਿਲੀ ਵਾਰ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਸਨ। ਮੈਂ ਖੁਦ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਉਸ ਮਿੱਟੀ ’ਚ ਗਈ, ਜਿੱਥੇ ਮੇਰੇ ਦਾਦੇ ਬਾਬੇ ਜੰਮੇ ਪਲੇ ਸਨ। ਇਨ੍ਹਾਂ ਥਾਵਾਂ ਨੂੰ ਵੇਖਣਾ ਜ਼ਿੰਦਗੀ ਦੀ ਹਰੇਕ ਇੱਛਾ ਨੂੰ ਪੂਰੀ ਕਰਨ ਬਰਾਬਰ ਸੀ।
ਹੁਣ ਜਦ ਨਾਨਕ ਨਾਮ ਲੇਵਾ ਸੰਗਤ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦੀ ਖ਼ਬਰ ਮਿਲੀ ਹੈ ਤਾਂ ਮਨ ਦੀ ਖੁਸ਼ੀ ਬਿਆਨੋਂ ਬਾਹਰ ਹੈ। ਮੈਂ ਇਸ ਸਾਰਥਕ ਉੱਦਮ ਲਈ ਪਾਕਿਸਤਾਨ ਦੀ ਸਰਕਾਰ ਦੀ ਦਿਲੋਂ ਧੰਨਵਾਦੀ ਹਾਂ।
ਇਸ ਉਪਰਾਲੇ ਨਾਲ ਭਾਰਤ ਵੱਸਦੀ ਨਾਨਕ ਨਾਮ ਲੇਵਾ ਸੰਗਤ ਨੂੰ ਉਨ੍ਹਾਂ ਦੀ ਮੁਕੱਦਸ ਥਾਂ ਨਾਲ ਜੋੜਨ ਦਾ ਪਾਕਿਸਤਾਨ ਸਰਕਾਰ ਕੋਲ ਇਕ ਚੰਗਾ ਮੌਕਾ ਅਤੇ ਵੱਡੀ ਜ਼ਿੰਮੇਵਾਰੀ ਵੀ ਆਉਂਦੀ ਹੈ। ਬਾਬੇ ਨਾਨਕ ਦਾ ਇਹ ਘਰ ਆਉਣ ਵਾਲੀਆਂ ਨਸਲਾਂ ਲਈ ਆਪਣੀਆਂ ਜੜ੍ਹਾਂ, ਧਰਮ ਅਤੇ ਇਤਿਹਾਸ ਨਾਲ ਜੁੜੇ ਰਹਿਣ ਦਾ ਇਕ ਜ਼ਰੀਆ ਹੈ। ਮੇਰਾ ਖੁਦ ਦਾ ਇਨ੍ਹਾਂ ਥਾਵਾਂ ਦਾ ਦੀਦਾਰ ਕਰਨਾ ਬ੍ਰਹਮਲੀਨ ਹੋਣ ਦੀ ਅਵਸਥਾ ਤੋਂ ਘੱਟ ਨਹੀਂ ਸੀ।

ਮੈਂ ਤੁਹਾਨੂੰ ਹਜ਼ਾਰਾਂ ਨਾਨਕ ਨਾਮ ਲੇਵਾ ਸੰਗਤਾਂ ਦੇ ਹਵਾਲੇ ਨਾਲ ਵੀ ਲਿਖਣਾ ਚਾਹੁੰਦੀ ਹਾਂ ਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਕਰਤਾਰਪੁਰ ਸਾਹਿਬ ਦੇ ਸ਼ਾਂਤ ਵਾਤਾਵਰਣ ਵਾਲੇ ਮਾਹੌਲ ਨੂੰ ਸੈਰ ਸਪਾਟੇ ਦੇ ਨਾਮ ਹੇਠ ਬਦਲ ਦਿੱਤਾ ਜਾਵੇ, ਉਦਾਹਰਣ ਵਜੋਂ ਜਿਵੇਂ ਨਨਕਾਣਾ ਸਾਹਿਬ ਅਤੇ ਅੰਮ੍ਰਿਤਸਰ ਵਿਖੇ ਵੀ ਦਰਬਾਰ ਸਾਹਿਬ ਦੀ ਪਵਿੱਤਰਤਾ ਅਤੇ ਪੁਰਾਣੀ ਨੁਹਾਰ ਨੂੰ ਸੈਲਾਨੀਆਂ ਦੀ ਖਿੱਚ ਲਈ ਬਦਲ ਦਿੱਤਾ ਗਿਆ ਹੈ। ਪਰ ਕਰਤਾਰਪੁਰ ਸਾਹਿਬ ਵਿਖੇ ਹਾਲੇ ਵੀ ਸ਼ਾਂਤ ਵਾਤਾਵਰਣ ਕਰਕੇ ਉਥੇ ਜਾਦੂਈ ਮਾਹੌਲ ਹੈ। ਉਥੋਂ ਦੇ ਖੁੱਲ੍ਹੇ ਪੰਡਾਲ ’ਚ ਵਰਤਾਏ ਜਾਂਦੇ ਲੰਗਰ, ਰਾਵੀ ਦਰਿਆ ਲਾਗਲੇ ਜੰਗਲਾਂ, ਰੁੱਖਾਂ ਅਤੇ ਖੇਤਾਂ ’ਚੋਂ ਬਾਬੇ ਨਾਨਕ ਦੀ ਹੋਂਦ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।

ਮੈਂ ਨਵੀਨੀਕਰਨ ਦੇ ਖਿਲਾਫ਼ ਬਿਲਕੁੱਲ ਨਹੀਂ ਹਾਂ ਪਰ ਨਵੀਨੀਕਰਨ ਤੋਂ ਪਹਿਲਾਂ ਇਸ ਦੇ ਚੰਗੇ ਅਤੇ ਮਾੜੇ ਅਸਰ ਜਾਣ ਲੈਣੇ ਜ਼ਰੂਰੀ ਹੁੰਦੇ ਹਨ। ਨਿਯਮਬੱਧ ਤਰੀਕੇ ਅਤੇ ਸਹਿਯੋਗ ਨਾਲ ਇਸ ਅਸਥਾਨ ਦੀ ਪਵਿੱਤਰਤਾ ਅਤੇ ਕੁਦਰਤੀ ਮਾਹੌਲ ਦਾ ਵੀ ਧਿਆਨ ਰੱਖਿਆ ਜਾ ਸਕਦਾ ਹੈ ਅਤੇ ਨਾਲ ਹੀ ਸੈਰ-ਸਪਾਟੇ ਨੂੰ ਧਿਆਨ ’ਚ ਰੱਖਦਿਆਂ ਵੀ ਕੰਮ ਕੀਤਾ ਜਾ ਸਕਦਾ ਹੈ। ਸੋ ਵਿਰਸੇ ਦੇ ਮਾਹਿਰਾਂ ਦੀ ਸਲਾਹ ਨਾਲ ਕੀਤੇ ਨਿਯਮਬੱਧ ਢੰਗ ਨਾਲ ਕੀਤੇ ਵਿਸਤਾਰ ਰਾਹੀਂ ਇਸ ਅਸਥਾਨ ਦੀ ਪਵਿੱਤਰਤਾ ਅਤੇ ਕੁਦਰਤੀ ਮਾਹੌਲ ਦਾ ਵੀ ਧਿਆਨ ਰੱਖਿਆ ਜਾ ਸਕਦਾ ਹੈ ਅਤੇ ਨਾਲ ਹੀ ਵਧੇਰੇ ਗਿਣਤੀ ਵਿਚ ਦਰਸ਼ਨ ਆਉਂਦੀ ਸੰਗਤ ਦੀਆਂ ਸਹੂਲਤਾਂ ਦਾ ਧਿਆਨ ਵੀ ਰੱਖਿਆ ਜਾ ਸਕਦਾ ਏ। ਮੈਂ ਆਪਣੇ ਅਤੇ ਬਾਬੇ ਨਾਨਕ ਦੇ ਸਭ ਸ਼ਰਧਾਲੂਆਂ ਦੇ ਹਵਾਲੇ ਨਾਲ ਕੁਝ ਮਸ਼ਵਰੇ ਸਾਂਝੇ ਕਰਨਾ ਚਾਹੁੰਦੀ ਹਾਂ, ਕ੍ਰਿਪਾ ਕਰਕੇ ਇਨ੍ਹਾਂ ’ਤੇ ਗੌਰ ਫਰਮਾਇਆ ਜਾਵੇ।
ਕਰਤਾਰਪੁਰ ਸਾਹਿਬ ਨੂੰ ਬਾਬੇ ਨਾਨਕ ਦੇ ਵਿਰਸਈ ਪਿੰਡ ਵਜੋਂ ਥਾਪਿਆ ਜਾਵੇ। ਕਰਤਾਰਪੁਰ ਪਿੰਡ ਤੋਂ ਦੁਨੀਆਭਰ ਨੂੰ ਸਾਂਝੀਵਾਲਤਾ ਤੇ ਪਿਆਰ ਦਾ ਸੁਨੇਹਾ ਮਿਲੇ। ਜਦ ਕੋਈ ਇਸ ਸਰਜ਼ਮੀਨ ਦੇ ਦੀਦਾਰ ਕਰੇ ਤਾਂ ਬਾਬੇ ਨਾਨਕ ਦੇ ਸਮੇਂ ਵਿਚ ਪਹੁੰਚ ਜਾਵੇ।

ਇਹ ਯਕੀਨੀ ਬਣਾਇਆ ਜਾਵੇ ਕਿ ਗੁਰਦੁਆਰਾ ਸਾਹਿਬ ਦੇ ਪੁਰਾਣੇ ਭਵਨ ਨਾਲ ਬਾਬੇ ਨਾਨਕ ਦੇ ਖੇਤਾਂ ਵਿਚ ਹੋ ਰਹੀ ਜੈਵਿਕ ਖੇਤੀ ਨੂੰ ਇਸੇ ਤਰ੍ਹਾਂ ਹੀ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ। ਨਾਲ ਹੀ ਇਸ ਪੈਲੀ ਵਿੱਚੋਂ ਅੱਧੀ ਨੂੰ ਜੰਗਲ, ਰੁੱਖ-ਬੂਟਿਆਂ ਅਤੇ ਜੰਗਲੀ ਜਾਨਵਰਾਂ ਲਈ ਖੁੱਲ੍ਹਾ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਬਾਬੇ ਨਾਨਕ ਦੇ ਸਮੇਂ ਦਾ ਹੀ ਕੁਦਰਤੀ ਮਾਹੌਲ ਸਿਰਜਿਆ ਜਾ ਸਕੇ।

PunjabKesari

ਇਹ ਯਕੀਨੀ ਬਣਾਇਆ ਜਾਵੇ ਕਿ ਗੁਰਦੁਆਰਾ ਸਾਹਿਬ ਦੀ ਪੁਰਾਣੀ ਇਮਾਰਤ ਨਾਲ ਕਿਸੇ ਤਰ੍ਹਾਂ ਦੀ ਵੀ ਛੇੜ-ਛਾੜ ਨਾ ਕੀਤੀ ਜਾਵੇ ਅਤੇ ਕਰਤਾਰਪੁਰ ’ਚ ਬਾਬੇ ਨਾਨਕ ਨਾਲ ਜੁੜੀਆਂ ਹੋਰ ਥਾਵਾਂ ਨੂੰ ਫਿਰ ਤੋਂ ਉਸਾਰਨ ਦਾ ਸੋਚਿਆ ਜਾਵੇ। 
ਆਉਣ ਵਾਲੇ ਸ਼ਰਧਾਲੂਆਂ ਦੇ ਠਹਿਰਣ ਲਈ ਸਾਦੀਆਂ ਸਰਾਵਾਂ ਹੀ ਬਣਾਈਆਂ ਜਾਣ ਅਤੇ ਇਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੀ ਇਮਾਰਤ ਤੋਂ ਦੂਰੀ ’ਤੇ ਉਸਾਰਿਆ ਜਾਵੇ।
ਰੋਜ਼ਾਨਾ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਨਿਯਮਤ ਰੱਖੀ ਜਾਵੇ। ਜ਼ਿਆਦਾਤਰ ਪੈਦਲ ਯਾਤਰਾ ਨੂੰ ਹੁੰਗਾਰਾ ਦਿੱਤਾ ਜਾਵੇ। ਬਜ਼ੁਰਗਾਂ ਅਤੇ ਦਿਵਿਆਂਗਾਂ ਲਈ ਬਿਜਲਈ ਵਾਹਨਾਂ ਦਾ ਪ੍ਰਬੰਧ ਕੀਤਾ ਜਾਵੇ। ਨਿੱਜੀ ਵਾਹਨ ਦੇ ਦਾਖਲੇ ’ਤੇ ਸਖਤ ਪਾਬੰਦੀ ਹੋਣੀ ਚਾਹੀਦੀ ਹੈ। 
ਇਸੇ ਤਰ੍ਹਾਂ ਦੇ ਹੀ ਪ੍ਰਬੰਧ ਡੇਰਾ ਬਾਬਾ ਨਾਨਕ ਵਾਲੇ ਪਾਸੇ ਤੋਂ ਭਾਰਤ ਸਰਕਾਰ ਵੱਲੋਂ ਵੀ ਕੀਤੇ ਜਾਣ ਤਾਂ ਜੋ ਕਰਤਾਰਪੁਰ ਸਾਹਿਬ ਨੂੰ ਜਾਣ ਅਤੇ ਵਾਪਸ ਆਉਣ ਵਾਲੀ ਸੰਗਤ ਦੇ ਨਿਰਵਾਹ ਨੂੰ ਸੁਚੱਜੇ ਢੰਗ ਨਾਲ ਚਲਦਾ ਰੱਖਿਆ ਜਾ ਸਕੇ।  ਬਾਬੇ ਨਾਨਕ ਦੇ ਕਾਲ ਦੀ ਇਮਾਰਤਸਾਜ਼ੀ ਕਰਵਾਉਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਯੋਜਨਾਬੰਦੀ ਅਤੇ ਢਾਂਚਾ ਵਿਭਾਗ ਦੀਆਂ ਸੇਵਾਵਾਂ ਲਈਆਂ ਜਾਣ। 

ਕਰਤਾਰਪੁਰ ਸਾਹਿਬ ਨੂੰ ਗੰਦਗੀ ਤੋਂ ਬਚਾਉਣ ਲਈ ਪਲਾਸਟਿਕ ਦੇ ਲਿਫਾਫੇ, ਬੋਤਲਾਂ ਅਤੇ ਲਿਫ਼ਾਫ਼ਾ ਬੰਦ ਖਾਣ-ਪੀਣ ਦਾ ਸਾਮਾਨ ਪਾਬੰਦੀਸ਼ੁਦਾ ਹੋਵੇ। ਇਸੇ ਬਹਾਨੇ “ਸਾਫ਼ ਸੁਥਰਾ ਤੇ ਹਰਿਆ ਭਰਿਆ ਪਾਕਿਸਤਾਨ’’ ਦਾ ਨਾਅਰਾ ਵੀ ਬੁਲੰਦ ਹੋਵੇਗਾ।
ਕੇਵਲ ਰਵਾਇਤੀ ਭੋਜਨ ਬਣਾਉਣ ਵਾਲੇ ਨੇੜੇ ਦੇ ਵਸਨੀਕ ਫੇਰੀ ਵਾਲਿਆਂ ਨੂੰ ਹੀ ਵੇਚਣ ਦੀ ਆਗਿਆ ਦਿੱਤੀ ਜਾਵੇ। ਇਸ ਤੋਂ ਇਲਾਵਾ ਰਵਾਇਤੀ ਸੰਗੀਤਕਾਰਾਂ, ਰਬਾਬੀਆਂ ਅਤੇ ਲੋਕਧਾਰਾ ਨੂੰ ਗਾਉਣ ਵਾਲੇ, ਜੋ ਬਾਬੇ ਨਾਨਕ ਨੂੰ ਸ਼ਰਧਾਂਜਲੀ ਦੇਣ, ਨੂੰ ਜ਼ਿਆਦਾ ਹੁੰਗਾਰਾ ਦਿੱਤਾ ਜਾਵੇ। 
ਮੇਰਾ ਵਿਸ਼ਵਾਸ ਹੈ ਕਿ ਕਰਤਾਰਪੁਰ ਲਾਂਘਾ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਵਿਚ ਪਿਆਰ ਅਤੇ ਨੇੜਤਾ ਵਧਾਉਣ ਦਾ ਮੀਲ ਪੱਥਰ ਸਾਬਿਤ ਹੋਵੇਗਾ। ਇਸ ਪਿੱਛੇ 4 ਕਰੋੜ ਨਾਨਕ ਨਾਮ ਲੇਵਾ ਸੰਗਤ ਦੀਆਂ ਅਰਦਾਸਾਂ ਤੇ ਉਮੀਦਾਂ ਵੀ ਸ਼ਾਮਲ ਹਨ।


Related News