ਇਸ ਸਿੱਖ ਬੱਚੇ ਨੂੰ ਮਿਲੀ ਵੱਡੀ ਖੁਸ਼ੀ, ਸਿੱਖੀ ਦੀ ਪਹਿਚਾਣ ਨੂੰ ਲੈ ਕੇ ਪਰਿਵਾਰ ਨੇ ਜਿੱਤੀ ਕਾਨੂੰਨੀ ਲੜਾਈ

09/19/2017 4:31:06 PM

ਮੈਲਬੌਰਨ— ਆਸਟ੍ਰੇਲੀਆ ਦੇ ਮੈਲਬੌਰਨ 'ਚ ਰਹਿੰਦਾ ਇਕ ਸਿੱਖ ਪਰਿਵਾਰ ਸਿੱਖੀ ਦੀ ਪਹਿਚਾਣ ਨੂੰ ਲੈ ਕੇ ਸ਼ੁਰੂ ਕੀਤੀ ਕਾਨੂੰਨੀ ਲੜਾਈ ਜਿੱਤ ਗਿਆ ਹੈ। ਜਿਸ ਕਾਰਨ ਉਨ੍ਹਾਂ ਦੇ 5 ਸਾਲਾ ਪੁੱਤਰ ਨੂੰ ਵੱਡੀ ਖੁਸ਼ੀ ਮਿਲੀ ਹੈ। ਦਰਅਸਲ ਇੱਥੇ ਰਹਿੰਦੇ ਸਿਦਕ ਸਿੰਘ ਅਰੋੜਾ ਨਾਂ ਦੇ 5 ਸਾਲ ਦੇ ਬੱਚੇ ਨੂੰ ਮੈਲਬੌਰਨ ਦੇ ਮੈਲਟਨ ਕ੍ਰਿਸ਼ਚੀਅਨ ਸਕੂਲ ਨੇ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਕਿਉਂਕਿ ਉਹ ਸਿਰ 'ਤੇ ਪਟਕਾ ਬੰਨ੍ਹ ਕੇ ਸਕੂਲ ਆਉਣਾ ਚਾਹੁੰਦਾ ਸੀ।
ਆਪਣੀ ਸਿੱਖੀ ਦੀ ਪਹਿਚਾਣ ਨੂੰ ਲੈ ਕੇ ਸਿਦਕ ਸਿੰਘ ਦੇ ਪਿਤਾ ਸਾਗਰਦੀਪ ਸਿੰਘ ਅਰੋੜਾ ਨੂੰ ਕਾਨੂੰਨੀ ਲੜਾਈ ਲੜਣੀ ਪਈ। ਸਕੂਲ ਦਾ ਕਹਿਣਾ ਸੀ ਕਿ ਸਕੂਲੀ ਡਰੈੱਸ ਕੋਡ ਮੁਤਾਬਕ ਵਿਦਿਆਰਥੀਆਂ ਨੂੰ ਧਾਰਮਿਕ ਕਾਰਨਾਂ ਕਰਕੇ ਸਿਰ ਢੱਕਣ ਦੀ ਇਜਾਜ਼ਤ ਨਹੀਂ ਦਿੰਦਾ। ਕੁਝ ਮਹੀਨੇ ਪਹਿਲਾਂ ਹੀ ਇਸ ਸਿੱਖ ਪਰਿਵਾਰ ਨੇ ਮਾਮਲਾ ਵਿਕਟੋਰੀਆ ਸਿਵਲ ਪ੍ਰਸ਼ਾਸਕੀ ਟ੍ਰਿਬਿਊਨਲ (ਵੀ. ਸੀ. ਏ. ਟੀ.) 'ਚ ਦਾਇਰ ਕੀਤਾ। ਵੀ. ਸੀ. ਏ. ਟੀ. ਦੇ ਮੈਂਬਰ ਜੂਲੀ ਗਰਿੰਗਰ ਨੇ ਕਿਹਾ ਕਿ ਸਕੂਲ ਨੇ ਸਮਾਨ ਅਧਿਕਾਰ ਨਾਲ ਜੁੜੇ ਕਾਨੂੰਨ ਦਾ ਉਲੰਘਣ ਕੀਤਾ ਹੈ। ਇਸ ਦੇ ਨਾਲ ਹੀ ਕਿਹਾ ਗਿਆ ਕਿ ਇਸ ਤਰ੍ਹਾਂ ਆਸਟ੍ਰੇਲੀਆ 'ਚ ਸਕੂਲ ਕਿਸੇ ਹੋਰ ਧਰਮ ਦੇ ਬੱਚਿਆਂ ਨੂੰ ਪੜ੍ਹਨ ਦਾ ਮੌਕਾ ਹੀ ਨਹੀਂ ਦੇਣਗੇ। 
ਸਾਗਰਦੀਪ ਅਰੋੜਾ ਨੇ ਆਸ ਜ਼ਾਹਰ ਕੀਤੀ ਸੀ ਕਿ ਉਨ੍ਹਾਂ ਦੇ ਬੱਚੇ ਨੂੰ ਕ੍ਰਿਸ਼ਚੀਅਨ ਸਕੂਲ 'ਚ ਪੜ੍ਹਨ ਦਾ ਮੌਕਾ ਮਿਲੇਗਾ ਪਰ ਉਨ੍ਹਾਂ ਦੇ ਬੇਟੇ ਸਿਦਕ ਦਾ ਪਟਕਾ ਇਸ 'ਚ ਰੋੜਾ ਬਣ ਗਿਆ। ਉਨ੍ਹਾਂ ਨੇ ਦਲੀਲ ਦਿੱਤੀ ਕਿ ਉਨ੍ਹਾਂ ਦੇ ਪੁੱਤਰ ਨਾਲ ਸਕੂਲ ਨੇ ਵਿਤਕਰਾ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਖੁਸ਼ ਸੀ ਕਿ ਹੋਰ ਬੱਚਿਆਂ ਵਾਂਗ ਉਹ ਵੀ ਇਸ ਸਕੂਲ 'ਚ ਪੜ੍ਹੇਗਾ, ਕਿਉਂਕਿ ਉਨ੍ਹਾਂ ਦੇ ਹੋਰ ਰਿਸ਼ਤੇਦਾਰਾਂ ਦੇ ਬੱਚੇ ਇੱਥੇ ਪੜ੍ਹਦੇ ਹਨ। ਸਾਗਰਦੀਪ ਨੇ ਕਿਹਾ ਕਿ ਉਨ੍ਹਾਂ ਦੇ ਹੱਕ 'ਚ ਫੈਸਲਾ ਆਇਆ ਹੈ, ਜਿਸ ਕਾਰਨ ਉਨ੍ਹਾਂ ਨੂੰ ਅੱਜ ਬਹੁਤ ਖੁਸ਼ੀ ਹੋਈ ਹੈ।


Related News