ਸ਼ਾਹਬਾਜ਼ ਸ਼ਰੀਫ SCO ਸੰਮੇਲਨ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਨਾਲ ਕਰ ਸਕਦੇ ਹਨ ਮੁਲਾਕਾਤ
Wednesday, Aug 17, 2022 - 02:00 PM (IST)
ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਗਲੇ ਮਹੀਨੇ ਉਜ਼ਬੇਕਿਸਤਾਨ 'ਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਸੰਮੇਲਨ ਤੋਂ ਇਲਾਵਾ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੁਵੱਲੀ ਬੈਠਕ ਕਰ ਸਕਦੇ ਹਨ। ‘ਦਿ ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਰਾਸ਼ਟਰਪਤੀ ਸ਼ੀ ਦੇ 15 ਅਤੇ 16 ਸਤੰਬਰ ਨੂੰ ਸਮਰਕੰਦ ਵਿੱਚ ਹੋਣ ਵਾਲੇ ਐੱਸ.ਸੀ.ਓ. ਸੰਮੇਲਨ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਐੱਸ.ਸੀ.ਓ. ਦੇ ਮੈਂਬਰ ਦੇਸ਼ਾਂ ਵਿੱਚ ਪਾਕਿਸਤਾਨ, ਚੀਨ, ਰੂਸ, ਭਾਰਤ ਅਤੇ ਮੱਧ ਏਸ਼ੀਆਈ ਦੇਸ਼ ਉਜ਼ਬੇਕਿਸਤਾਨ, ਕਜ਼ਾਕਿਸਤਾਨ, ਤਜ਼ਾਕਿਸਤਾਨ ਅਤੇ ਕਿਰਗਿਸਤਾਨ ਸ਼ਾਮਲ ਹਨ। ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਹੈ ਕਿ ਐੱਸ.ਸੀ.ਓ. ਸੰਮੇਲਨ ਤੋਂ ਇਲਾਵਾ ਰਾਸ਼ਟਰਪਤੀ ਸ਼ੀ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਵਿਚਕਾਰ ਦੁਵੱਲੀ ਬੈਠਕ ਦੀ ਯੋਜਨਾ ਹੈ। ਹਾਲਾਂਕਿ, ਇਹ ਅਜੇ ਅਧਿਕਾਰਤ ਤੌਰ 'ਤੇ ਸਪੱਸ਼ਟ ਨਹੀਂ ਹੈ ਕਿ ਕੀ ਰਾਸ਼ਟਰਪਤੀ ਸ਼ੀ ਖੁਦ ਇਸ ਸੰਮੇਲਨ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ।
ਕੁਝ ਖ਼ਬਰਾਂ ਤੋਂ ਸੰਕੇਤ ਮਿਲਦਾ ਹੈ ਕਿ ਉਹ ਸਖ਼ਤ COVID-19 ਪ੍ਰੋਟੋਕੋਲ ਦੇ ਕਾਰਨ ਵਰਚੁਅਲ ਰੂਪ ਨਾਲ ਸਿਖਰ ਸੰਮੇਲਨ ਵਿੱਚ ਸ਼ਾਮਲ ਹੋ ਸਕਦੇ ਹਨ। ਸੂਤਰਾਂ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਸ਼ਾਹਬਾਜ਼ ਵਿਚਾਲੇ ਦੁਵੱਲੀ ਬੈਠਕ ਦੀ ਸੰਭਾਵਨਾ ਵੀ ਤਲਾਸ਼ ਰਿਹਾ ਹੈ। ਹਾਲਾਂਕਿ, ਅਜੇ ਕੁਝ ਵੀ ਤੈਅ ਨਹੀਂ ਹੋਇਆ ਹੈ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਬਿਲਾਵਲ ਭੁੱਟੋ ਜ਼ਰਦਾਰੀ ਨੂੰ ਇੱਕ ਗੈਰ ਰਸਮੀ ਮੁਲਾਕਾਤ ਵਿੱਚ ਮਾਸਕੋ ਆਉਣ ਦਾ ਸੱਦਾ ਦਿੱਤਾ ਹੈ।