ਬੁਲਟਪਰੂਫ ਵਾਹਨਾਂ ਦੀ ਨਾਜਾਇਜ਼ ਖਰੀਦ ''ਤੇ ਸ਼ਰੀਫ ਤੋਂ ਜੇਲ ਵਿਚ ਪੁੱਛਗਿਛ

Tuesday, May 28, 2019 - 06:55 PM (IST)

ਬੁਲਟਪਰੂਫ ਵਾਹਨਾਂ ਦੀ ਨਾਜਾਇਜ਼ ਖਰੀਦ ''ਤੇ ਸ਼ਰੀਫ ਤੋਂ ਜੇਲ ਵਿਚ ਪੁੱਛਗਿਛ

ਲਾਹੌਰ (ਭਾਸ਼ਾ)- ਪਾਕਿਸਤਾਨ ਦੀ ਚੋਟੀ ਦੀ ਭ੍ਰਿਸ਼ਟਾਚਾਰ ਰੋਕੂ ਯੂਨਿਟ ਦੇ ਇਕ ਦਸਤੇ ਨੇ ਜਰਮਨੀ ਤੋਂ 30 ਤੋਂ ਜ਼ਿਆਦਾ ਬੁਲੇਟਪਰੂਫ ਸਰਕਾਰੀ ਵਾਹਨਾਂ ਦੀ ਨਾਜਾਇਜ਼ ਖਰੀਦ ਅਤੇ ਇਸਤੇਮਾਲ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੋਂ ਕੋਟ ਲਖਪਤ ਜੇਲ ਵਿਚ ਦੋ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਪੁੱਛਗਿੱਛ ਕੀਤੀ। ਨੈਸ਼ਨਲ ਅਕਾਉਂਟੇਬਿਲਿਟੀ ਬਿਊਰੋ (ਐਨ.ਏ.ਬੀ.) ਦਾ ਚਾਰ ਮੈਂਬਰੀ ਦਸਤਾ ਕੋਟ ਲਖਪਤ ਜੇਲ ਪਹੁੰਚਿਆ ਜਿਥੇ 69 ਸਾਲ ਦੇ ਸ਼ਰੀਫ ਅਲ-ਅਜੀਜ਼ੀਆ ਸਟੀਲ ਮਿਲਸ ਭ੍ਰਿਸ਼ਟਾਚਾਰ ਮਾਮਲੇ ਵਿਚ 7 ਸਾਲ ਕੈਦ ਦੀ ਸਜ਼ਾ ਕੱਟ ਰਹੇ ਹਨ।

ਇਕ ਸੂਤਰ ਨੇ ਡਾਨ ਅਖਬਾਰ ਨੂੰ ਦੱਸਿਆ ਕਿ ਸ਼ਰੀਫ ਨੇ ਪ੍ਰਸ਼ਨਾਵਲੀ ਦੇਣ 'ਤੇ ਜ਼ੋਰ ਦਿੱਤਾ ਜਿਸ ਦਾ ਜਵਾਬ ਉਹ ਆਪਣੇ ਵਕੀਲ ਦੀ ਮਦਦ ਨਾਲ ਦਿੰਦੇ। ਪਾਕਿਸਤਾਨ ਮੁਸਲਿਮ ਲੀਗ- ਨਵਾਜ਼ ਦੀ ਨੇਤਾ ਅਤੇ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਸ਼ਰੀਫ ਨੇ ਜੇਲ ਵਿਚ ਐਨ.ਏ.ਬੀ. ਦੀ ਪਾਰਟੀ ਵਲੋਂ ਪੁੱਛਗਿਛ ਦੀ ਪੁਸ਼ਟੀ ਕੀਤੀ ਜਿਥੇ ਸਾਬਕਾ ਪ੍ਰਧਾਨ ਮੰਤਰੀ ਦਸੰਬਰ 2018 ਵਿਚ ਬੰਦ ਹਨ। ਮਰੀਅਮ ਨੇ ਸੋਮਵਾਰ ਨੂੰ ਆਪਣੇ ਟਵਿੱਟਰ ਅਕਾਉਂਟ 'ਤੇ ਇਕ ਸੰਦੇਸ਼ ਵਿਚ ਪੁੱਛਗਿਛ ਨੂੰ ਰੱਦ ਕਰ ਦਿੱਤਾ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਨਿਸ਼ਾਨਾ ਵਿੰਨਿਆ। ਪਹਿਲਾਂ ਖਬਰਾਂ ਸਨ ਕਿ ਐਨ.ਏ.ਬੀ. ਦੀ ਪਾਰਟੀ ਜਰਮਨੀ ਤੋਂ ਬਿਨਾਂ ਸਰਹੱਦੀ ਟੈਕਸ ਅਦਾ ਕੀਤੇ 34 ਬੁਲਟਪਰੂਫ ਗੱਡੀਆਂ ਦੇ ਕਥਿਤ ਦਰਾਮਦਗੀ ਦੇ ਮਾਮਲੇ ਵਿਚ ਸ਼ਰੀਫ ਦਾ ਬਿਆਨ ਦਰਜ ਕਰੇਗਾ ਜੋ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਹਨ।


author

Sunny Mehra

Content Editor

Related News