ਸ਼ਰੀਫ ਪਰਿਵਾਰ ਦੇ ਲੋਕਾਂ ''ਤੇ ਜਲਦੀ ਹੀ ਲੱਗ ਸਕਦੀ ਹੈ ਯਾਤਰਾ ਕਰਨ ''ਤੇ ਪਾਬੰਦੀ

11/18/2017 2:59:23 PM

ਇਸਲਾਮਾਬਾਦ(ਬਿਊਰੋ)— ਪਨਾਮਾ ਪੇਪਰਸ ਮਾਮਲੇ ਨੂੰ ਲੈ ਕੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਦੇ 4 ਲੋਕਾਂ 'ਤੇ ਜਲਦੀ ਹੀ ਦੇਸ਼ ਤੋਂ ਬਾਹਰ ਜਾਣ 'ਤੇ ਰੋਕ ਲੱਗ ਸਕਦੀ ਹੈ। ਪਾਕਿਸਤਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਅਥਾਰਿਟੀ ਨੇ ਉਨ੍ਹਾਂ ਦੇ ਨਾਂ ਨਿਕਾਸ ਕੰਟਰੋਲ ਸੂਚੀ ਵਿਚ ਪਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਕ ਪਾਕਿਸਤਾਨੀ ਅਖਬਾਰ ਨੇ ਇਹ ਜਾਣਕਾਰੀ ਦਿੱਤੀ ਹੈ।
ਸੁਪਰੀਮ ਕੋਰਟ ਨੇ ਇਸ ਸਾਲ ਜੁਲਾਈ ਵਿਚ 67 ਸਾਲਾ ਸ਼ਰੀਫ ਨੂੰ ਆਮਦਨ ਦੇ ਗਿਆਤ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਰੱਖਣ ਦੇ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਯੋਗ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਕੁੱਝ ਲੋਕਾਂ 'ਤੇ ਲੰਡਨ ਵਿਚ ਉਨ੍ਹਾਂ ਦੀ ਜਾਇਦਾਦਾਂ ਦੀ ਮਲਕੀਅਤ ਨੂੰ ਲੈ ਕੇ ਮਾਮਲੇ ਦਰਜ ਹਨ। ਰਾਸ਼ਟਰੀ ਜਵਾਬਦੇਹੀ ਬਿਊਰੋ (ਐਨ. ਏ. ਬੀ) ਨੇ ਜੁਲਾਈ ਵਿਚ ਆਏ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਬੀਤੀ 8 ਸਤੰਬਰ ਨੂੰ ਸ਼ਰੀਫ, ਉਨ੍ਹਾਂ ਦੇ ਬੱਚਿਆਂ ਅਤੇ ਜੁਆਈ ਵਿਰੁੱਧ ਇਸਲਾਮਾਬਾਦ ਦੀ ਜਵਾਬਦੇਹੀ ਅਦਾਲਤ ਵਿਚ 3 ਮਾਮਲੇ ਦਰਜ ਕੀਤੇ ਸਨ। ਖਬਰ ਮੁਤਾਬਕ ਲਾਹੌਰ ਦੇ ਐਨ. ਏ. ਬੀ. ਦਫਤਰ ਨੇ ਸ਼ੁੱਕਰਵਾਰ ਨੂੰ ਸ਼ਰੀਫ, ਉਨ੍ਹਾਂ ਦੇ 2 ਬੇਟੇ-ਹੁਸੈਨ ਅਤੇ ਹਸਨ, ਬੇਟੀ ਮਰੀਅਮ ਅਤੇ ਜੁਆਈ ਮੁਹੰਮਦ ਸਫਦਰ ਦੇ ਨਾਂ ਨਿਕਾਸ ਕੰਟਰੋਲ ਸੂਚੀ (ਈ. ਸੀ. ਐਲ) ਵਿਚ ਪਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸਲਾਮਾਬਾਦ ਸਥਿਤ ਐਨ. ਏ. ਬੀ ਦੇ ਬੁਲਾਰੇ ਮੁਤਾਬਕ ਈ. ਸੀ. ਐਲ ਵਿਚ ਨਾਮ ਜੁੜਨ 'ਤੇ ਸ਼ਰੀਫ ਪਰਿਵਾਰ ਦੀ ਵਿਦੇਸ਼ ਦੀ ਯਾਤਰਾ 'ਤੇ ਪਾਬੰਦੀ ਲੱਗ ਸਕਦੀ ਹੈ।


Related News