ਮਨੀ ਲਾਂਡ੍ਰਿੰਗ ਮਾਮਲੇ ''ਚ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਮਿਲੀ ਵੱਡੀ ਛੋਟ
Saturday, Feb 15, 2020 - 03:56 PM (IST)
ਲਾਹੌਰ- ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਕੂ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਮਨੀ ਲਾਂਡ੍ਰਿੰਗ ਮਾਮਲੇ ਵਿਚ ਨਿੱਜੀ ਤੌਰ 'ਤੇ ਪੇਸ਼ ਹੋਣ ਤੋਂ ਛੋਟ ਦੇ ਦਿੱਤੀ ਗਈ ਹੈ। ਉਹ ਇਸ ਵੇਲੇ ਲੰਡਨ ਵਿਚ ਆਪਣਾ ਇਲਾਜ ਕਰਵਾ ਰਹੇ ਹਨ। ਡਾਨ ਅਖਬਾਰ ਵਿਚ ਸ਼ਨੀਵਾਰ ਨੂੰ ਛਪੀ ਖਬਰ ਮੁਤਾਬਕ ਰਾਸ਼ਟਰੀ ਜਵਾਬਦੇਹੀ ਅਦਾਲਤ ਵਿਚ ਅਰਜ਼ੀ ਦੇ ਕੇ 69 ਸਾਲਾ ਸ਼ਰੀਫ ਨੇ ਚੌਧਰੀ ਸ਼ੂਗਰ ਮਿਲਸ ਮਾਮਲੇ ਵਿਚ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਸੀ।
ਅਦਾਲਤ ਨੇ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਮੈਡੀਕਲ ਦੇ ਆਧਾਰ 'ਤੇ ਉਹਨਾਂ ਨੂੰ ਪੇਸ਼ੀ ਤੋਂ ਛੋਟ ਦੇ ਦਿੱਤੀ ਹੈ ਤੇ ਮਾਮਲੇ ਦੀ ਸੁਣਵਾਈ 28 ਫਰਵਰੀ ਤੱਕ ਲਈ ਟਾਲ ਦਿੱਤੀ ਹੈ। ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਸ਼ਰੀਫ ਤੇ ਉਹਨਾਂ ਦੀ ਬੇਟੀ ਨੂੰ ਚੌਧਰੀ ਸ਼ੂਗਰ ਮਿਲਸ ਤੋਂ ਸਿੱਧਾ ਲਾਭ ਹੋਣ ਦਾ ਦੋਸ਼ ਲਾਇਆ ਹੈ।
ਇਸ ਮਾਮਲੇ ਵਿਚ ਬੀਤੇ ਅਗਸਤ ਮਹੀਨੇ ਮਰੀਅਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹ ਅਜੇ ਵੀ ਜ਼ਮਾਨਤ 'ਤੇ ਹਨ। ਜਦਕਿ ਸ਼ਰੀਫ ਬੀਤੇ 19 ਨਵੰਬਰ ਤੋਂ ਲੰਡਨ ਵਿਚ ਹਨ। ਸ਼ਰੀਫ ਦੇ ਵਕੀਲ ਅਮਜਦ ਪਰਵੇਜ਼ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਦੀ ਸਿਹਤ ਨਾਲ ਜੁੜੀ ਰਿਪੋਰਟ ਅਦਾਲਤ ਵਿਚ ਦਾਖਲ ਕੀਤੀ ਗਈ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਸ਼ਰੀਫ ਅਜੇ ਪਾਕਿਸਤਾਨ ਦੀ ਯਾਤਰਾ ਲਈ ਪੂਰੀ ਤਰ੍ਹਾਂ ਸਿਹਤਮੰਦ ਨਹੀਂ ਹਨ।