ਨਵਾਜ਼ ਸ਼ਰੀਫ ਨੂੰ ਮਿਲਣ ਲਈ ਲੰਡਨ ਰਵਾਨਾ ਹੋਏ ਸ਼ਾਹਬਾਜ਼
Wednesday, May 11, 2022 - 03:14 PM (IST)
ਇਸਲਾਮਾਬਾਦ (ਵਾਰਤਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਆਪਣੇ ਵੱਡੇ ਭਰਾ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਸੁਪਰੀਮੋ ਨਵਾਜ਼ ਸ਼ਰੀਫ ਨੂੰ ਮਿਲਣ ਲਈ ਲੰਡਨ ਰਵਾਨਾ ਹੋ ਗਏ ਹਨ। ਸੂਤਰਾਂ ਅਨੁਸਾਰ ਨਵਾਜ਼ ਸ਼ਰੀਫ਼ ਨੂੰ ਪਾਰਟੀ ਲੀਡਰਸ਼ਿਪ ਨਾਲ ਕੁਝ ਅਹਿਮ ਮੁੱਦਿਆਂ 'ਤੇ ਸਲਾਹ ਕਰਨ ਦੀ ਲੋੜ ਹੈ, ਜਿਸ 'ਤੇ ਉਨ੍ਹਾਂ ਨੂੰ ਇਤਰਾਜ਼ ਹੈ ਅਤੇ ਪੀਐੱਮਐੱਲ-ਐੱਨ ਵੱਲੋਂ 'ਵੱਡਾ ਫ਼ੈਸਲਾ' ਲੈਣ ਦੀ ਉਮੀਦ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਇਸ ਮੁੱਦੇ 'ਤੇ ਆਨਲਾਈਨ ਮੀਟਿੰਗ ਕਰਨ ਦੇ ਵਿਚਾਰ ਨੂੰ ਰੱਦ ਕਰ ਦਿੱਤਾ।
ਸ਼ਾਹਬਾਜ਼ ਦੇ ਨਾਲ ਲੰਡਨ ਜਾਣ ਵਾਲਿਆਂ ਵਿੱਚ ਅਹਿਸਾਨ ਇਕਬਾਲ, ਖਵਾਜਾ ਸਾਦ ਰਫੀਕ, ਖਵਾਜਾ ਆਸਿਫ, ਖੁਰਰਮ ਦਸਤਗੀਰ ਅਤੇ ਮਰੀਅਮ ਔਰੰਗਜ਼ੇਬ ਸਮੇਤ ਕਈ ਮੰਤਰੀ ਸ਼ਾਮਲ ਹਨ। ਸੰਭਾਵਿਤ ਮੁਲਾਕਾਤ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਾਜ਼ ਨੇ ਕਿਹਾ ਕਿ ਉਹ ਮੌਜੂਦਾ ਸਥਿਤੀ ਦੇ ਨਾਲ-ਨਾਲ ਪਾਕਿਸਤਾਨ ਦੇ ਸਾਹਮਣੇ ਆਉਣ ਵਾਲੇ ਰਾਹ ਬਾਰੇ ਵੀ ਚਰਚਾ ਕਰਨਗੇ। ਇਸ ਦੌਰਾਨ ਪੀਐੱਮਐੱਲ-ਐੱਨ ਦੇ ਨੇਤਾ ਇਸਹਾਕ ਡਾਰ ਨੇ ਕਿਹਾ ਕਿ ਲੰਡਨ 'ਚ ਹੋਣ ਵਾਲੀ ਬੈਠਕ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ 'ਚ ਅਰਥਵਿਵਸਥਾ ਨੂੰ ਲੈ ਕੇ ਵੱਡੇ ਫ਼ੈਸਲੇ ਲਏ ਜਾਣ ਦੀ ਉਮੀਦ ਹੈ। ਉਹਨਾਂ ਨੇ ਛੇਤੀ ਚੋਣਾਂ ਤੋਂ ਇਨਕਾਰ ਕੀਤਾ ਅਤੇ ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਕਤੂਬਰ ਤੋਂ ਪਹਿਲਾਂ ਚੋਣਾਂ ਕਰਵਾਉਣਾ ਸੰਭਵ ਨਹੀਂ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿ ਦੀ ਦਾਗੀ ਸਰਕਾਰ: PM ਸ਼ਾਹਬਾਜ਼ 'ਤੇ 4 ਵੱਡੇ ਦੋਸ਼, ਮੰਤਰੀਆਂ 'ਤੇ ਡਰੱਗ ਤਸਕਰੀ ਜਿਹੇ ਕੇਸ
ਪਾਰਟੀ ਸੂਤਰਾਂ ਨੇ ਅੱਗੇ ਦੱਸਿਆ ਕਿ ਨਵਾਜ਼ ਅਤੇ ਸਾਬਕਾ ਵਿੱਤ ਮੰਤਰੀ ਇਸਹਾਕ ਡਾਰ ਨਾਲ ਮੁਲਾਕਾਤ ਦੌਰਾਨ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 'ਤੇ ਰਣਨੀਤੀ 'ਤੇ ਚਰਚਾ ਹੋਣ ਦੀ ਉਮੀਦ ਹੈ। ਇਹ ਵਿਚਾਰ-ਵਟਾਂਦਰਾ ਅਤੇ ਮੀਟਿੰਗ ਵਿਸ਼ੇਸ਼ ਮਹੱਤਵ ਰੱਖਦੀ ਹੈ ਕਿਉਂਕਿ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਦੇ ਵਫ਼ਦ ਵੱਲੋਂ 18 ਮਈ ਨੂੰ ਕਤਰ ਦੀ ਰਾਜਧਾਨੀ ਦੋਹਾ ਵਿੱਚ ਪਾਕਿਸਤਾਨੀ ਅਧਿਕਾਰੀਆਂ ਨਾਲ ਗੱਲਬਾਤ ਸ਼ੁਰੂ ਕਰਨ ਦੀ ਉਮੀਦ ਹੈ। ਇਸ ਤੋਂ ਇਲਾਵਾ ਇਸ ਮੀਟਿੰਗ ਦੌਰਾਨ ਸੱਤਾ ਦੀ ਵੰਡ, ਅਗਲੀਆਂ ਆਮ ਚੋਣਾਂ ਅਤੇ ਪੰਜਾਬ ਮੰਤਰੀ ਮੰਡਲ ਬਾਰੇ ਵੀ ਫ਼ੈਸਲੇ ਲਏ ਜਾਣ ਦੀ ਉਮੀਦ ਹੈ।