‘ਬੋਰਡ ਆਫ਼ ਪੀਸ’ ’ਚ ਸ਼ਾਮਲ ਹੋਣ ਲਈ 1 ਅਰਬ ਡਾਲਰ ਦੇਵੇਗਾ SFJ, ਟਰੰਪ ਨੂੰ ਕੀਤੀ ਇਹ ਅਪੀਲ
Saturday, Jan 31, 2026 - 03:29 AM (IST)
ਵਾਸ਼ਿੰਗਟਨ (ਸਰਬਜੀਤ ਸਿੰਘ ਬਨੂੜ) - ਸਿੱਖ ਵੱਖਵਾਦੀ ਸੰਗਠਨ ਸਿੱਖਸ ਫਾਰ ਜਸਟਿਸ (ਐੱਸ. ਐੱਫ. ਜੇ.) ਨੇ ਕਿਹਾ ਹੈ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪ੍ਰਸਤਾਵਿਤ ਬੋਰਡ ਆਫ਼ ਪੀਸ ’ਚ ਸ਼ਾਮਲ ਹੋਣ ਲਈ 1 ਅਰਬ ਅਮਰੀਕੀ ਡਾਲਰ ਦੇਣ ਲਈ ਤਿਆਰ ਹੈ। ਇਸ ਦੇ ਨਾਲ ਹੀ ਐੱਸ. ਐੱਫ. ਜੇ. ਨੇ ਅਮਰੀਕੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ’ਤੇ ਦਬਾਅ ਬਣਾਏ, ਤਾਂ ਜੋ ਭਾਰਤੀ ਪ੍ਰਸ਼ਾਸਨ ਦੇ ਅਧੀਨ ਪੰਜਾਬ ’ਚ ਖਾਲਿਸਤਾਨ ਲਈ ਰੈਫਰੈਂਡਮ ਕਰਵਾਉਣ ਦੀ ਇਜਾਜ਼ਤ ਦਿੱਤੀ ਜਾ ਸਕੇ। ਐੱਸ. ਐੱਫ. ਜੇ. ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਨੇ ਇਹ ਬਿਆਨ ਕਰਾਚੀ ਪ੍ਰੈੱਸ ਕਲੱਬ ’ਚ ਆਯੋਜਿਤ ਇਕ ਪ੍ਰੈੱਸ ਕਾਨਫਰੰਸ ਦੌਰਾਨ ਵਾਸ਼ਿੰਗਟਨ ਤੋਂ ਵੀਡੀਓ ਲਿੰਕ ਰਾਹੀਂ ਦਿੱਤਾ।
ਪੰਨੂ ਨੇ ਕਿਹਾ ਕਿ ਭਾਰਤੀ ਪੰਜਾਬ ’ਚ ਤਣਾਅ ਲਗਾਤਾਰ ਵਧ ਰਿਹਾ ਹੈ ਅਤੇ ਹਾਲ ਹੀ ਦੇ ਸਮੇਂ ’ਚ ਭਾਰਤੀ ਅਧਿਕਾਰੀਆਂ ਵੱਲੋਂ ਵੱਡੀ ਗਿਣਤੀ ਵਿਚ ਸਿੱਖਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਥਿਤੀ ਨੂੰ ਹੋਰ ਵਿਗੜਨ ਤੋਂ ਰੋਕਣ ਦਾ ਇਕੋ-ਇਕ ਰਸਤਾ ਗੱਲਬਾਤ ਰਾਹੀਂ ਕਰਵਾਇਆ ਗਿਆ ਖਾਲਿਸਤਾਨ ਸਬੰਧੀ ਰੈਫਰੈਂਡਮ ਹੈ। ਦੂਜੇ ਪਾਸੇ, ਭਾਰਤ ਸਰਕਾਰ ਖਾਲਿਸਤਾਨ ਦੀ ਮੰਗ ਨੂੰ ਖਾਰਜ ਕਰਦੀ ਰਹੀ ਹੈ ਅਤੇ ਇਸ ਤੋਂ ਪਹਿਲਾਂ ਐੱਸ.ਐੱਫ.ਜੇ. ਨੂੰ ਇਕ ਅੱਤਵਾਦੀ ਸੰਗਠਨ ਐਲਾਨ ਚੁੱਕੀ ਹੈ।
