ਮੋਬਾਇਲ ਦੀ ਵਰਤੋਂ ਵੇਲੇ ਰਹੋ ਸਾਵਧਾਨ, ਸੈਕਸ ਲਾਈਫ ਤੇ ਕੱਦ ਹੋ ਸਕਦੈ ਪ੍ਰਭਾਵਿਤ
Friday, Sep 06, 2019 - 04:27 PM (IST)

ਨਿਊਯਾਰਕ— ਇਕ ਨਵੇਂ ਅਧਿਐਨ ਦੇ ਮੁਤਾਬਕ ਹੱਥ 'ਚ ਫੜਨ ਵਾਲੇ ਉਪਕਰਨਾਂ ਨੂੰ ਦੇਖਣ ਦੌਰਾਨ ਗਰਦਨ 'ਤੇ ਪਿਆ ਪ੍ਰਭਾਵ ਕਿਸੇ ਵਿਅਕਤੀ ਦੀ ਸੈਕਸ ਸਮਰੱਥਾ ਤੇ ਉਸ ਦੇ ਕੱਦ 'ਤੇ ਵੀ ਅਸਰ ਪਾਉਂਦਾ ਹੈ। ਇਸ ਦੇ ਨਾਲ ਹੀ ਅਮਰੀਕਾ 'ਚ ਲੈਪਟਾਪ ਤੇ ਕੰਪਿਊਟਰ ਦੇ ਮੁਕਾਬਲੇ ਫੋਨ ਤੇ ਟੈਬਲੇਟ ਦੀ ਵਰਤੋਂ ਵਧਣ ਨਾਲ ਮਨੁੱਖੀ ਗਰਦਨ 'ਚ ਤਬਦੀਲੀ ਦਾ ਪੱਧਰ ਵਧਿਆ ਹੈ।
ਕਲੀਨਿਕਲ ਅਨਾਟਮੀ ਰਸਾਲੇ ਦੇ ਜਰਨਲ 'ਚ ਪ੍ਰਕਾਸ਼ਤ ਖੋਜ ਮੁਤਾਬਕ ਅਰਕਾਨਸਾਸ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਹੱਥਾਂ 'ਚ ਫੜੇ ਜਾਣ ਵਾਲੇ ਇਲੈਕਟ੍ਰਾਨਿਕ ਉਪਕਰਣਾਂ ਦੀ ਵਰਤੋਂ ਕਰਦੇ ਸਮੇਂ ਗਰਦਨ ਤੇ ਜਬਾੜੇ 'ਤੇ ਪੈਂਦੇ ਪ੍ਰਭਾਵ ਦਾ ਨਿਰੀਖਣ ਕੀਤਾ। ਖੋਜ 'ਚ ਪਾਇਆ ਗਿਆ ਕਿ ਔਰਤਾਂ ਤੇ ਛੋਟੇ ਕੱਦ ਦੇ ਪੁਰਸ਼ਾਂ ਅਤੇ ਲੰਬੇ ਕੱਦ ਦੇ ਪੁਰਸ਼ਾਂ ਦੀ ਗਰਦਨ ਦੀ ਪੋਜ਼ੀਸ਼ਨ ਵੱਖਰੀ ਸੀ, ਜੋ ਗਰਦਨ ਤੇ ਜਬਾੜੇ ਦੇ ਦਰਦ ਨਾਲ ਸਬੰਧਤ ਹੋ ਸਕਦਾ ਹੈ। ਕੁਝ ਸਬੂਤ ਦਰਸਾਉਂਦੇ ਹਨ ਕਿ ਫੋਨ ਤੇ ਟੈਬਲੇਟ ਵਰਗੇ ਉਪਕਰਣਾਂ ਦੀ ਵਰਤੋਂ ਨਾਲ ਗਰਦਨ ਤੇ ਜਬਾੜੇ ਪ੍ਰਭਾਵਿਤ ਹੋ ਸਕਦੇ ਹਨ, ਜੋ ਕਿ ਦਰਦ ਦਾ ਕਾਰਨ ਵੀ ਬਣਦਾ ਹੈ।
ਅਧਿਐਨ 'ਚ ਖੋਜਕਾਰਾਂ ਨੇ 22 ਲੋਕਾਂ (12 ਔਰਤਾਂ ਤੇ 12 ਪੁਰਸ਼ਾਂ) ਨੂੰ ਸ਼ਾਮਲ ਕੀਤਾ ਤੇ ਉਨ੍ਹਾਂ ਨੂੰ ਪੰਜ ਵੱਖ-ਵੱਖ ਆਸਣਾਂ 'ਚ ਇਲੈਕਟ੍ਰਾਨਿਕ ਉਪਕਰਣਾਂ ਨੂੰ ਰੱਖਣ ਤੇ ਵਰਤਣ ਲਈ ਕਿਹਾ ਗਿਆ ਤੇ ਉਨ੍ਹਾਂ ਦੇ ਐਕਸ-ਰੇਅ ਵੀ ਲਏ ਗਏ। ਇਸ ਦੌਰਾਨ ਪਤਾ ਲੱਗਿਆ ਕਿ ਉਪਕਰਨਾਂ ਦੀ ਵਰਤੋਂ ਕਰਨ ਦੌਰਾਨ ਉਨ੍ਹਾਂ ਦੀ ਗਰਦਨ ਆਮ ਮੁਕਾਬਲੇ ਜ਼ਿਆਦਾ ਝੁਕੀ ਹੋਈ ਸੀ।