ਨੱਕ ਦੀ ਸਰਜਰੀ ਕਰਾਉਣੀ ਬੀਬੀ ਨੂੰ ਪਈ ਭਾਰੀ, ਜਾਨ ਬਚਾਉਣ ਲਈ ਕਟਵਾਉਣੀਆਂ ਪਈਆਂ ਲੱਤਾਂ
Tuesday, Dec 29, 2020 - 02:52 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਖੂਬਸੂਰਤ ਚਿਹਰੇ ਦੀ ਇੱਛਾ ਵਿਚ ਨੱਕ ਦੀ ਸਰਜਰੀ ਕਰਾਉਣੀ ਇਕ ਬੀਬੀ ਨੂੰ ਬਹੁਤ ਭਾਰੀ ਪੈ ਗਈ। ਇਕ ਤੁਰਕਿਸ਼ ਪਲਾਸਟਿਕ ਸਰਜਰੀ ਕਲੀਨਿਕ ਤੋਂ ਨੱਕ ਦੀ ਸਰਜਰੀ ਕਰਵਾਉਣ ਦੇ ਬਾਅਦ ਬੀਬੀ ਨੂੰ ਮਜਬੂਰੀ ਵਿਚ ਗੋਡਿਆਂ ਦੇ ਹੇਠਾਂ ਆਪਣੀਆਂ ਦੋਵੇਂ ਲੱਤਾਂ ਕਟਵਾਉਣੀਆਂ ਪਈਆਂ। ਅਸਲ ਵਿਚ 25 ਸਾਲ ਦੀ ਸੇਵਿੰਕ ਸੇਕਲਿਕ ਨੇ ਇਸਤਾਂਬੁਲ ਦੇ ਇਕ ਪ੍ਰਾਈਵੇਟ ਹਸਪਤਾਲ ਤੋਂ ਨੱਕ ਛੋਟੀ ਕਰਾਉਣ ਲਈ 'ਨੋਜ਼ ਰਿਡਕਸ਼ਨ ਸਰਜਰੀ' ਕਰਾਈ ਸੀ। ਸੇਵਿੰਕ ਨੂੰ ਬਿਲਕੁੱਲ ਅੰਦਾਜਾ ਨਹੀਂ ਸੀ ਕਿ ਇਕ ਦਿਨ ਇਹੀ ਸਰਜਰੀ ਉਸ ਦੇ ਪੈਰ ਗਵਾਉਣ ਦਾ ਕਾਰਨ ਬਣ ਜਾਵੇਗੀ।
ਸਰਜਰੀ ਦੇ ਬਾਅਦ ਬੁਖਾਰ
ਮੀਡੀਆ ਰਿਪੋਰਟਾਂ ਮੁਤਾਬਕ, 2 ਮਈ, 2014 ਨੂੰ ਕਰੀਬ ਦੋ ਘੰਟੇ ਤੱਕ ਚੱਲੇ ਆਪਰੇਸ਼ਨ ਦੇ ਬਾਅਦ ਸੇਵਿੰਕ ਦੀ ਹਾਲਤ ਠੀਕ ਸੀ। ਡਾਕਟਰਾਂ ਨੇ ਉਸ ਨੂੰ ਘਰ ਭੇਜ ਦਿੱਤਾ। ਘਰ ਪਹੁੰਚਣ ਦੇ ਬਾਅਦ ਸੇਵਿੰਕ ਨੂੰ ਬੁਖਾਰ ਚੜ੍ਹਨ ਲੱਗਾ। ਭਾਵੇਂਕਿ ਹਸਪਤਾਲ ਇਸ ਗੱਲ 'ਤੇ ਜ਼ੋਰ ਦਿੰਦਾ ਰਿਹਾ ਕਿ ਉਸ ਦੀ ਹਾਲਤ ਠੀਕ ਹੈ। ਇਕ ਹਫਤੇ ਬਾਅਦ ਜਦੋਂ ਉਹ ਡਾਕਟਰਾਂ ਨੂੰ ਮਿਲਣ ਲਈ ਹਸਪਤਾਲ ਪਹੁੰਚੀ ਤਾਂ ਉੱਥੇ ਮੌਜੂਦ ਸਾਰੇ ਕਰਮਚਾਰੀਆਂ ਨੂੰ ਹਟਾ ਦਿੱਤਾ ਗਿਆ ਸੀ।
ਹਾਲਤ ਹੋਈ ਖਰਾਬ
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ, ਹਸਪਤਾਲ ਵਾਲਿਆਂ ਨੇ ਉਸ ਨੂੰ ਕਿਹਾ ਕਿ ਸਾਰੇ ਲੱਛਣ ਸਧਾਰਨ ਹਨ ਅਤੇ ਘਬਰਾਉਣ ਦੀ ਕੋਈ ਗੱਲ ਨਹੀਂ। ਸਰਜਰੀ ਦੇ ਬਾਅਦ ਅਕਸਰ ਇਸ ਤਰ੍ਹਾਂ ਦੇ ਲੱਛਣ ਸਾਹਮਣੇ ਆਉਂਦੇ ਹਨ। ਭਾਵੇਂਕਿ ਡਾਕਟਰਾਂ ਦੇ ਭਰੋਸਾ ਦੇਣ ਦੇ ਬਾਵਜੂਦ ਸੇਵਿੰਕ ਦੀ ਹਾਲਤ ਦਿਨ-ਬ-ਦਿਨ ਵਿਗੜਦੀ ਗਈ। ਸੇਵਿੰਕ ਦੇ ਭਰਾ ਜਿਸ ਦਾ ਨਾਮ ਮੀਡੀਆ ਰਿਪੋਰਟਾਂ ਵਿਚ ਜ਼ਾਹਰ ਨਹੀਂ ਕੀਤਾ ਗਿਆ, ਉਸ ਨੇ ਦੱਸਿਆ,''ਸਰਜਰੀ ਦੇ ਬਾਅਦ ਖਾਣਾ-ਪੀਣਾ ਛੁੱਟ ਜਾਣ ਕਾਰਨ ਉਸ ਦੀ ਭੈਣ ਲਗਾਤਾਰ ਬੀਮਾਰ ਰਹਿਣ ਲੱਗੀ। ਉਸ ਦੀਆਂ ਲੱਤਾਂ ਦਾ ਰੰਗ ਕਾਲਾ ਪੈ ਚੁੱਕਾ ਸੀ। ਹਾਲਤ ਬਹੁਤ ਜ਼ਿਆਦਾ ਗੰਭੀਰ ਹੋਣ ਦੇ ਬਾਅਦ ਉਸ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ।''
ਜਾਨ ਬਚਾਉਣ ਲਈ ਕੱਟੀਆਂ ਲੱਤਾਂ
ਐਮਰਜੈਂਸੀ ਡਾਕਟਰਾਂ ਨੇ 9 ਜੂਨ ਨੂੰ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਸੇਵਿੰਕ ਬਲੱਡ ਇੰਨਫੈਕਸ਼ਨ (Blood poisoning) ਦੀ ਸਮੱਸਿਆ ਨਾਲ ਜੂਝ ਰਹੀ ਹੈ। ਹੁਣ ਉਸ ਦੀ ਜਾਨ ਬਚਾਉਣ ਲਈ ਪੈਰ ਕੱਟਣ ਦੇ ਇਲਾਵਾ ਦੂਜਾ ਕੋਈ ਵਿਕਲਪ ਨਹੀਂ ਹੈ। ਆਖਿਰਕਾਰ ਸੇਵਿੰਕ ਦੀ ਜਾਨ ਬਚਾਉਣ ਲਈ ਡਾਕਟਰਾਂ ਨੂੰ ਉਸ ਦੇ ਗੋਡਿਆਂ ਤੋਂ ਹੇਠਾਂ ਤੱਕ ਪੈਰ ਕੱਟਣੇ ਪਏ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਕੋਰੋਨਾ ਦੇ ਨਵੇਂ ਮਾਮਲੇ, ਜਾਣੋ ਤਾਜ਼ਾ ਸਥਿਤੀ
ਹਸਪਤਾਲ ਦੇ ਖਿਲਾਫ਼ ਸ਼ਿਕਾਇਤ ਦਰਜ
ਇਸ ਮਾਮਲੇ ਵਿਚ ਸੇਵਿੰਕ ਨੇ ਹਸਪਤਾਲ ਪ੍ਰਸ਼ਾਸਨ ਦੇ ਖਿਲਾਫ਼ ਸ਼ਿਕਾਇਤ ਦਰਜ ਕਰਾਈ ਹੈ ਅਤੇ 1 ਕਰੋੜ ਰੁਪਏ (177,399 ਆਸਟ੍ਰੇਲੀਅਨ ਡਾਲਰ) ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਉੱਥੇ ਹਸਪਤਾਲ ਸਟਾਫ ਦਾ ਕਹਿਣਾ ਹੈਕਿ ਇਸ ਘਟਨਾ ਦੇ ਲਈ ਉਹਨਾਂ ਨੂੰ ਦੋਸ਼ੀ ਠਹਿਰਾਉਣਾ ਸਹੀ ਨਹੀਂ ਹੈ। ਇਸ ਵਿਚ ਉਹਨਾਂ ਦੀ ਕੋਈ ਗਲਤੀ ਨਹੀਂ ਹੈ। ਹਸਪਤਾਲ ਵਾਲਿਆਂ ਦਾ ਕਹਿਣਾ ਹੈਕਿ ਇਹ ਬਲੱਡ ਇਨਫੈਕਸ਼ਨ ਸਰਜਰੀ ਦੇ ਦੋ ਹਫਤੇ ਬਾਅਦ ਅਤੇ ਹੌਸਪੀਟਲਾਈਜ਼ਡ ਹੋਣ ਤੋਂ ਕੁਝ ਦਿਨ ਪਹਿਲਾਂ ਤੱਕ ਚਿਕਨ ਖਾਣ ਦਾ ਨਤੀਜਾ ਹੈ। ਕੋਰਟ ਨੇ ਇਸ ਮਾਮਲੇ 'ਤੇ ਮਾਹਰਾਂ ਦੀ ਰਿਪੋਰਟ ਮੰਗੀ ਹੈ। ਅਗਲੇ ਸਾਲ ਅਪ੍ਰੈਲ ਵਿਚ ਇਸ 'ਤੇ ਕੋਈ ਫ਼ੈਸਲਾ ਲਿਆ ਜਾਵੇਗਾ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।