ਕਾਬੁਲ ''ਚ ਇੱਕ ਮਸਜਿਦ ਨੇੜੇ ਕਾਰ ਬੰਬ ਧਮਾਕੇ ''ਚ 7 ਲੋਕਾਂ ਦੀ ਮੌਤ, 41 ਜ਼ਖ਼ਮੀ
Saturday, Sep 24, 2022 - 11:45 AM (IST)
ਕਾਬੁਲ (ਏਜੰਸੀ)- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸ਼ੁੱਕਰਵਾਰ ਨੂੰ ਇੱਕ ਮਸਜਿਦ ਨੇੜੇ ਕਾਰ ਬੰਬ ਧਮਾਕੇ ਵਿੱਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਬੱਚਿਆਂ ਸਮੇਤ 41 ਹੋਰ ਜ਼ਖ਼ਮੀ ਹੋ ਗਏ। ਤਾਲਿਬਾਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇੱਕ ਸਾਲ ਪਹਿਲਾਂ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਅਜਿਹੇ ਕਈ ਹਮਲੇ ਹੋ ਚੁੱਕੇ ਹਨ।
ਸ਼ਹਿਰ ਦੇ ਡਿਪਲੋਮੈਟਿਕ ਏਰੀਏ ਵਿੱਚ ਸ਼ੁੱਕਰਵਾਲ ਨੂੰ ਹੋਏ ਧਮਾਕੇ ਤੋਂ ਬਾਅਦ ਆਸਮਾਨ ਵਿਚ ਕਾਲੇ ਧੂੰਆਂ ਛਾਅ ਗਿਆ ਅਤੇ ਇਸ ਦੌਰਾਨ ਕਈ ਮਿੰਟਾਂ ਤੱਕ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਗ੍ਰਹਿ ਮੰਤਰਾਲਾ ਵਿਚ ਤਾਲਿਬਾਨ ਵੱਲੋਂ ਨਿਯੁਕਤ ਕੀਤੇ ਗਏ ਬੁਲਾਰੇ ਅਬਦੁਲ ਨਾਫੀ ਟਾਕੋਰ ਨੇ ਕਿਹਾ ਕਿ ਵਿਸਫੋਟਕਾਂ ਨਾਲ ਭਰੀ ਇਕ ਗੱਡੀ ਮਸਜਿਦ ਦੇ ਨੇੜੇ ਸੜਕ ਦੇ ਕਿਨਾਰੇ ਖੜ੍ਹੀ ਸੀ ਅਤੇ ਜੁਮੇ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਨਮਾਜ਼ੀ ਜਦੋਂ ਮਸਜਿਦ ਤੋਂ ਬਾਹਰ ਆ ਰਹੇ ਸਨ, ਉਦੋਂ ਉਸ ਵਿਚ ਧਮਾਕਾ ਹੋ ਗਿਆ।
ਟਾਕੋਰ ਨੇ ਦੱਸਿਆ ਕਿ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਇੱਥੋਂ ਦੇ ਇਟਾਲੀਅਨ ਐਮਰਜੈਂਸੀ ਹਸਪਤਾਲ ਨੇ ਪਹਿਲਾਂ ਦੱਸਿਆ ਸੀ ਕਿ ਉਸ ਦੇ ਇੱਥੇ 14 ਜ਼ਖ਼ਮੀਆਂ ਨੂੰ ਲਿਆਂਦਾ ਗਿਆ, ਜਿਨ੍ਹਾਂ ਵਿੱਚੋਂ ਚਾਰ ਦੀ ਹਸਪਤਾਲ ਪੁੱਜਣ ਤੋਂ ਬਾਅਦ ਮੌਤ ਹੋ ਗਈ। ਕਾਬੁਲ ਪੁਲਸ ਮੁਖੀ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਕਿਹਾ ਕਿ ਜੁਮੇ ਦੀ ਨਮਾਜ਼ ਤੋਂ ਬਾਅਦ ਵਜ਼ੀਰ ਅਕਬਰ ਖਾਨ ਮਸਜਿਦ ਤੋਂ ਬਾਹਰ ਨਿਕਲ ਰਹੇ ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾ ਕੇ ਇਹ ਧਮਾਕਾ ਕੀਤਾ ਗਿਆ ਸੀ। ਤਾਲਿਬਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਕਿਹਾ, 'ਮਸਜਿਦਾਂ ਅਤੇ ਨਮਾਜ਼ੀਆਂ ਨੂੰ ਨਿਸ਼ਾਨਾ ਬਣਾਉਣਾ ਨਾ ਮੁਆਫ਼ੀਯੋਗ ਅਪਰਾਧ ਹੈ। ਦੇਸ਼ ਨੂੰ ਅਪਰਾਧੀਆਂ ਨੂੰ ਖ਼ਤਮ ਕਰਨ ਵਿੱਚ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ।'