ਬਲੋਚਿਸਤਾਨ ’ਚ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਪਾਕਿ ਨੇ ਇਸਲਾਮਾਬਾਦ ’ਚ ਵਧਾਈ ਸੁਰੱਖਿਆ: ਰਿਪੋਰਟ
Sunday, Feb 06, 2022 - 06:04 PM (IST)
ਇਸਲਾਮਾਬਾਦ– ਬਲੋਚਿਸਤਾਨ ’ਚ ਵੱਖਵਾਦੀ ਤਾਕਤਾਂ ਦੇ ਹਾਲੀਆ ਹਮਲਿਆਂ ਤੋਂ ਬਾਅਦ ਪਾਕਿਸਤਾਨ ਗ੍ਰਹਿ ਮੰਤਰਾਲਾ ਨੇ ਅੱਤਵਾਦ ਰੋਕੂ ਮੁਹਿੰਮਾਂ ਲਈ ਆਪਣੀਆਂ ਫੋਰਸਾਂ ਦੀ ਤਾਈਨਾਤੀ ਵਧਾ ਦਿੱਤੀ ਹੈ। ਦਰਅਸਲ, ਪਾਕਿਸਤਾਨ ਦੇ ਦੱਖਣ-ਪੱਛਮੀ ਸੂਬੇ ’ਚ ਹਾਲ ਦੇ ਮਹੀਨਿਆਂ ’ਚ ਹਿੰਸਾ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਬਲੋਚਿਸਤਾਨ ਲਿਬਰੇਸ਼ਨ ਆਰਮੀ (BLA) ਨੇ ਸੂਬੇ ’ਚ ਕਈ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਸਭ ਤੋਂ ਤਾਜ਼ਾ ਘਟਨਾ ’ਚ ਪਾਕਿਸਤਾਨ ਦੀਆਂ ਸੁਰੱਖਿਆ ਚੌਂਕੀਆਂ ’ਤੇ ਹੋਏ ਹਮਲਿਆਂ ’ਚ 9 ਪਾਕਿਸਤਾਨੀ ਫੌਜੀਆਂ ਅਤੇ 13 ਵੱਖਵਾਦੀਆਂ ਦੀ ਮੌਤ ਹੋ ਗਈ ਸੀ।
ਦਿ ਨਿਊਜ਼ ਇੰਟਰਨੈਸ਼ਨਲ ਅਖ਼ਬਾਰ ਨੇ ਦੱਸਿਆ ਕਿ ਪਾਕਿਸਤਾਨ ਨੇ ਡਿਪਲੋਮੈਟਿਕ ਐਨਕਲੇਵ ਅਤੇ ਹੋਰ ਸੰਵੇਦਨਸ਼ੀਲ ਅਦਾਰਿਆਂ, ਸਰਕਾਰੀ ਇਮਾਰਤਾਂ, ਸੰਸਦ ਭਵਨ, ਪੀਟੀਵੀ, ਪਾਕਿ ਸਕੱਤਰੇਤ ਅਤੇ ਪਾਕਿਸਤਾਨ ਦੀ ਸੁਪਰੀਮ ਕੋਰਟ ਸਮੇਤ ਸ਼ਹਿਰ ਦੀਆਂ ਮਹੱਤਵਪੂਰਨ ਥਾਵਾਂ ’ਤੇ ਸੁਰੱਖਿਆ ਵਧਾ ਦਿੱਤੀ ਹੈ।
ਗ੍ਰਹਿ ਮੰਤਰਾਲੇ ਦੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ, ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸਲਾਮਾਬਾਦ ’ਚ ਪੁਲਿਸ ਕਮਾਂਡੋ, ਰੇਂਜਰਸ ਅਤੇ ਅਰਧ ਸੈਨਿਕ ਬਲਾਂ ਦੇ ਵਾਧੂ ਜਵਾਨ ਤਾਇਨਾਤ ਕੀਤੇ ਜਾ ਰਹੇ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਬਲੋਚਿਸਤਾਨ ਵਰਗੇ ਹਮਲੇ ਦੇ ਮੱਦੇਨਜ਼ਰ, ਸੰਘੀ ਰਾਜਧਾਨੀ ਦੇ ਆਲੇ-ਦੁਆਲੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਸਾਂਝੇ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸੂਤਰਾਂ ਨੇ ਖਬਰ ਦੇ ਹਵਾਲੇ ਨਾਲ ਕਿਹਾ, ‘ਸੰਭਾਵੀ ਅੱਤਵਾਦ ਦਾ ਮੁਕਾਬਲਾ ਗੁਪਤ ਸੁਰੱਖਿਆ ਰਾਹੀਂ ਕੀਤਾ ਜਾਵੇਗਾ।’